ਚੰਡੀਗੜ੍ਹ: ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਪੰਜਾਬ 'ਚ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਕੀਤਾ ਗਿਆ। ਜਿਸ ਨੂੰ ਲੈਕੇ ਪੰਜਾਬ 'ਚ ਸਿਆਸਤ ਲਗਾਤਾਰ ਗਰਮਾ ਗਈ ਹੈ। ਕੇਂਦਰ ਦੇ ਇਸ ਫੈਸਲੇ ਨੂੰ ਜਿਥੇ ਪੰਜਾਬ ਭਾਜਪਾ ਸਹੀ ਠਹਿਰਾ ਰਹੀ ਹੈ,ਉਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਇਸ ਦੀ ਹਮਾਇਤ ਕੀਤੀ ਗਈ ਹੈ।
ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੇਂਦਰ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਦਾ ਬੀਐਸਐਫ ਦੇ ਖੇਤਰੀ ਅਧਿਕਾਰ ਖੇਤਰ 'ਚ ਵਾਧਾ ਕਰਨ ਦਾ ਇੱਕਪਾਸੜ ਫੈਸਲਾ ਸਾਡੇ ਸੰਵਿਧਾਨ ਸੰਵਿਧਾਨ 'ਚ ਸ਼ਾਮਲ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਸ 'ਚ ਆਪਸੀ ਵਖਰੇਵੇਂ ਛੱਡ ਕੇ ਅਵਾਜ਼ ਚੁੱਕਣ ਦੀ ਲੋੜ ਹੈ।
'ਆਲ ਪਾਰਟੀ ਮੀਟਿੰਗ ਬਲਾਉਣ'
ਇਸ ਦੇ ਚੱਲਦਿਆਂ ਸੁਖਬੀਰ ਬਾਦਲ ਵਲੋਂ ਜਿਥੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਕੇਂਦਰ ਦੇ ਇਸ ਫੈਸਲੇ ਖਿਲਾਫ਼ ਸੰਯੁਕਤ ਤੌਰ 'ਤੇ ਇਕੱਠੇ ਹੋਣ ਦੀ ਲੋੜ ਹੈ। ਉਥੇ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਅਪੀਲ ਕਿ ਉਹ ਜਲਦੀ ਤੋਂ ਜਲਦੀ ਸੂਬੇ 'ਚ ਆਲ ਪਾਰਟੀ ਮੀਟਿੰਗ ਬਲਾਉਣ ਤਾਂ ਜੋ ਕੇਂਦਰ ਦੀ ਇਸ ਕਾਰਵਾਈ ਖਿਲਾਫ਼ ਜਲਦ ਤੋਂ ਜਲਦ ਐਕਸ਼ਨ ਲਿਆ ਜਾ ਸਕੇ।
ਧਾਰਮਿਕ ਸਥਾਨਾਂ 'ਤੇ ਕਰ ਸਕਦੇ ਕਬਜ਼ਾ
ਦੱਸ ਦਈਏ ਕਿ ਪਿਛਲੇ ਦਿਨੀਂ ਸੁਖਬੀਰ ਬਾਦਲ ਵਲੋਂ ਆਪਣੀ ਲੁਧਿਆਣਾ ਫੇਰੀ ਦੌਰਾਨ ਬਿਆਨ ਦਿੱਤਾ ਸੀ ਕਿ ਕੇਂਦਰ ਦਾ ਇਸ ਫੈਸਲੇ ਨਾਲ ਪੰਜਾਬ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਖਦਸਾ ਪ੍ਰਗਟਾਇਆ ਸੀ ਕਿ ਹੁਣ ਬੀਐਸਐਫ ਕਿਸੇ ਵੀ ਸਮੇਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਚ ਦਾਖ਼ਲ ਹੋ ਸਕਦੀ (Can enter Golden Temple) ਹੈ ਤੇ ਨਾਲ ਹੀ ਇਸੇ ਤਰ੍ਹਾਂ ਦੁਰਗਿਆਣਾ ਮੰਦਰ (Durgiana Mandir) ਵਿੱਚ ਵੀ ਇਹ ਪੈਰਾ ਮਿਲਟਰੀ ਫੋਰਸ ਵੜ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਇਸ ਦਾ ਨਜਾਇਜ ਫਾਇਦਾ ਚੁੱਕਣ ਦੀ ਤਾਕ ਵਿੱਚ ਹੈ।