ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਾਲ ਹੀ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਂਦਿਆਂ ਤੇਲ ਕੀਮਤਾਂ ਘਟਾ ਕੇ ਕਿਸਾਨਾਂ ਦੇ ਨਾਲ ਨਾਲ ਆਮ ਆਦਮੀ ਤੇ ਵਪਾਰ ਤੇ ਇੰਡਸਟਰੀ ਨੂੰ ਬਹੁਤ ਲੋੜੀਂਦੀ ਰਾਹਤ ਪ੍ਰਦਾਨ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਤੇਲ 'ਤੇ ਵਧਾਏ ਗਏ ਸੂਬੇ ਦੇ ਵੈਟ ਨੂੰ ਵਾਪਸ ਲੈਣਾ ਚਾਹੀਦਾ ਹੈ।
ਬਾਦਲ ਨੇ ਕਿਹਾ ਕਿ ਪਿਛਲੇ 16 ਦਿਨਾਂ ਵਿਚ ਤੇਲ ਕੀਮਤਾਂ ਵਿਚ ਚੋਖਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਦੇਸ਼ ਦੇ ਅਰਥਚਾਰੇ 'ਤੇ ਬਹੁਤ ਦਬਾਅ ਪਿਆ ਹੈ, ਜਦਕਿ ਇਹ ਪਹਿਲਾਂ ਹੀ ਕੋਰੋਨਾ ਤਾਲਾਬੰਦੀ ਦੇ ਕਾਰਨ ਬੇਹਤਾਸ਼ਾ ਮਾਰ ਹੇਠ ਆਇਆ ਹੈ। ਉਨ੍ਹਾਂ ਕਿਹਾ ਕਿ 16 ਦਿਨਾਂ ਵਿਚ ਪੈਟਰੋਲ ਦੀ ਕੀਮਤ 9.21 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 8.55 ਰੁਪਏ ਪ੍ਰਤੀ ਲੀਟਰ ਵਧਾਈ ਗਈ ਹੈ। ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਰਿਟੇਲ ਕੀਮਤਾਂ 'ਤੇ ਟੈਕਸ ਦੋ ਤਿਹਾਈ ਹੋ ਗਿਆ ਹੈ।