ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਹੇਠ ਸੂਬੇ ਦੀ ਪੁਲਿਸ ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਦੀ ਵਰਤੋਂ ਵਿਰੁੱਧ ਚੇਤਾਵਨੀ ਦਿੱਤੀ ਹੈ।
ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿੱਚ ਡੱਕੇ ਜਾਣ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਡੀਜੀਪੀ ਨੂੰ ਹਦਾਇਤ ਦੇਣ ਦੀ ਮੰਗ
ਉਨ੍ਹਾਂ ਕਿਹਾ ਕਿ ਸੂਬੇ ਦੇ ਪੁਲਿਸ ਮੁਖੀ ਨੂੰ ਸਪਸ਼ਟ ਹਦਾਇਤਾਂ ਜਾਰੀ ਹੋਣੀਆਂ ਚਾਹੀਦੀਆਂ ਹਨ ਕਿ ਛੋਟੀਆਂ-ਛੋਟੀਆਂ ਗਲਤੀਆਂ ਲਈ ਸਿੱਖ ਨੌਜਵਾਨਾਂ 'ਤੇ ਯੂਏਪੀਏ ਤਹਿਤ ਕੇਸ ਦਰਜ ਨਾ ਕੀਤੇ ਜਾਣ।ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਡੀਜੀਪੀ ਨੂੰ ਹਦਾਇਤਾਂ ਦੇਣ ਕਿ ਸੋਸ਼ਲ ਮੀਡੀਆ 'ਤੇ ਕੁਝ ਵੀ ਵੇਖਣ ਜਾਂ ਉਸ ਨੂੰ ਸ਼ੇਅਰ ਕਰਨ 'ਤੇ ਕਿਸੇ ਵੀ ਸਿੱਖ ਨੌਜਵਾਨ ਨੂੰ ਚੁੱਕ ਕੇ ਉਸ 'ਤੇ ਕੇਸ ਦਰਜ ਨਾ ਕੀਤਾ ਜਾਵੇ।
ਯੂਏਪੀਏ ਦੀ ਹੋ ਰਹੀ ਦੁਰਵਰਤੋਂ
ਉਨ੍ਹਾਂ ਕਿਹਾ ਕਿ ਸਪਸ਼ਟ ਹੈ ਕਿ ਸੂਬੇ ਦੀ ਪੁਲਿਸ ਯੂਏਪੀਏ ਦੀ ਦੁਰਵਰਤੋਂ ਕਰ ਰਹੀ ਹੈ ਜਿਸ 'ਤੇ ਤੁਰੰਤ ਰੋਕ ਲਾਈ ਜਾਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਡੀਜੀਪੀ ਹਾਲੇ ਵੀ ਆਪਣੇ ਪਹਿਲਾਂ ਦਿੱਤੇ ਬਿਆਨ ਕਿ ਜੋ ਇੱਕ ਦਿਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦਾ ਹੈ, ਉਹ ਅੱਤਵਾਦੀ ਬਣ ਆਉਂਦਾ ਹੈ, ਦੀ ਗਲਤਫ਼ਹਿਮੀ ਵਿੱਚ ਹਨ।