ਚੰਡੀਗੜ੍ਹ: ਇਕ ਪਾਸੇ ਜਿਥੇ ਸਿਆਸਤਦਾਨ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਤੋਂ ਇਲਾਵਾ ਹੋਰ ਕਈ ਸਹੂਲਤਾਂ ਦੇਣ ਦੇ ਵਾਅਦੇ ਕਰਦੇ ਨਜ਼ਰ ਆ ਰਹੇ ਹਨ ਉਥੇ ਹੀ ਦੂਜੇ ਪਾਸੇ ਨੌਕਰੀ ਨਾ ਮਿਲਣ ਕਾਰਨ ਸੂਬੇ 'ਚ ਬੇਰੁਜ਼ਗਾਰ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿੱਚ ਹਰ ਮਹੀਨੇ ਛੇ ਦੇ ਕਰੀਬ ਬੇਰੁਜ਼ਗਾਰ ਨੌਜਵਾਨ ਇਸ ਭਿਆਨਕ ਕਦਮ ਨੂੰ ਚੁੱਕਦੇ ਹੋਏ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਰਹੇ ਹਨ। ਉੱਥੇ ਹਰ ਸਾਲ ਇਨ੍ਹਾਂ ਖੁਦਕੁਸ਼ੀਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ।
ਪਿਛਲੇ ਕੁਝ ਸਾਲਾਂ 'ਚ ਝਾਤ ਮਾਰੀਏ ਤਾਂ ਸਾਲ 2016 'ਚ 22 ਬੇਰੁਜ਼ਗਾਰਾਂ ਨੌਜਵਾਨਾਂ ਨੇ ਮੌਤ ਦਾ ਰਾਹ ਚੁਣਿਆ। ਇਸ ਤਰ੍ਹਾਂ ਸਾਲ 2017 ਵਿੱਚ 23 ਬੇਰੁਜ਼ਗਾਰ ਮੌਤ ਦੇ ਮੂੰਹ 'ਚ ਗਏ। ਸਾਲ 2018 'ਚ 26 ਬੇਰੁਜ਼ਗਾਰ ਨੌਜਵਾਨਾਂ ਨੇ ਖੁਦਕੁਸ਼ੀ ਕੀਤੀ। ਇਸ ਤਰ੍ਹਾਂ ਸਾਲ 2019 ਦੀ ਗੱਲ ਕੀਤੀ ਜਾਵੇ ਤਾਂ ਮੌਤਾਂ ਦਾ ਅੰਕੜਾ ਬਹੁਤ ਵੱਧ ਗਿਆ, ਇਸ ਸਾਲ ਦੌਰਾਨ ਪੰਜਾਬ ਵਿੱਚ 74 ਬੇਰੁਜ਼ਗਾਰ ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ।
ਵੈਬਸਾਈਟ 'ਤੇ ਸ਼ੇਅਰ ਕਰੇ ਰੁਜ਼ਗਾਰ ਦੇ ਅੰਕੜੇ:ਆਪ
ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਸਰਕਾਰ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਜੇ ਅਸੀਂ ਨੌਕਰੀ ਨਾਂ ਦੇ ਪਾਏ ਤਾਂ ਬੇਰੁਜ਼ਗਾਰੀ ਭੱਤਾ ਦੇਵਾਂਗਾ, ਪਰ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਤਾਂ ਆਪਣੀ ਵੈੱਬਸਾਈਟ 'ਤੇ ਪਾਵੇ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਸਰਕਾਰ ਨੇ ਆਮ ਲੋਕਾਂ ਨੂੰ ਸਿਰਫ਼ ਲਾਰੇ ਹੀ ਲਗਾਏ ਹਨ।
ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰੇ ਸਰਕਾਰ:ਭਾਜਪਾ
ਉੱਥੇ ਹੀ ਭਾਜਪਾ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਇਹ ਸਭ ਕੁਝ ਇਸ ਕਰਕੇ ਹੋਇਆ ਕਿਉਂਕਿ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ 'ਚ ਆਮ ਲੋਕਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਉਹ ਵਾਅਦਾ ਪੂਰਾ ਨਹੀਂ ਹੋਇਆ। ਜਿਸ ਕਰਕੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਸਰਕਾਰ ਜੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੀ ਤਾਂ ਇਸ ਤਰੀਕੇ ਦਾ ਮੌਕਾ ਪੈਦਾ ਕਰੇ ਜਿਸ ਨਾਲ ਉਨ੍ਹਾਂ ਨੂੰ ਕੰਮ ਕਾਰ ਮਿਲ ਸਕੇ ਜਾਂ ਉਹ ਖੁਦ ਦਾ ਕੋਈ ਕਿੱਤਾ ਸ਼ੁਰੂ ਕਰ ਸਕੇ।