ਚੰਡੀਗੜ੍ਹ: ਜਿੱਥੇ ਸੂਬੇ ਭਰ 'ਚ ਸਕੂਲੀ ਫੀਸਾਂ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਹੈ ਉੱਥੇ ਹੀ ਯੂਟੀ ਚੰਡੀਗੜ੍ਹ 'ਚ ਵੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਫੀਸ ਭਰਨ ਦੇ ਹੱਕ 'ਚ ਨਹੀਂ ਹਨ। ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਖ ਵੱਖ ਵਿਭਾਗਾਂ ਦੀਆਂ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਜਿਸ ਨੂੰ ਲੈ ਕੇ ਫੀਸ ਜਮ੍ਹਾਂ ਕਰਵਾਉਣ ਦਾ ਅੱਜ ਆਖ਼ਰੀ ਦਿਨ ਸੀ, ਪਰ ਵਿਦਿਆਰਥੀ ਜਥੇਬੰਦੀਆਂ ਵੱਲੋਂ ਲਗਾਤਾਰ ਫੀਸ ਭਰਨ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਤਹਿਤ ਅੱਜ ਵੀ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਵੀਸੀ ਦਫ਼ਤਰ ਦੇ ਬਾਹਰ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ।
ਵਿਦਿਆਰਥੀਆਂ ਨੇ ਪ੍ਰਦਰਸ਼ਨ 'ਚ ਜਿੱਥੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਯੂਨੀਵਰਸ਼ਿਟੀ ਨੂੰ ਵਿੱਦਿਆ ਦਾ ਮੰਦਰ ਨਾ ਦੱਸ ਇਸ ਨੂੰ ਇੱਕ ਦੁਕਾਨ ਕਰਾਰ ਦਿੱਤਾ ਅਤੇ ਫੀਸਾਂ ਵਸੂਲਣ ਨੂੰ ਵਿਦਿਆਰਥੀਆਂ ਦੀ ਲੁੱਟ ਦੱਸਿਆ। ਗੱਲਬਾਤ ਕਰਦਿਆਂ ਪ੍ਰਦਰਸ਼ਨ 'ਚ ਸ਼ਾਮਲ ਵਿਦਿਆਰਥੀ ਨੇ ਦੱਸਿਆ ਕਿ ਅੱਜ ਇਸ ਪ੍ਰਦਰਸ਼ਨ 'ਚ ਕੁੱਲ 11 ਜਥੇਬੰਦੀਆਂ ਨੇ ਹਿੱਸਾ ਲਿਆ ਹੈ ਅਤੇ ਪ੍ਰਸ਼ਾਸਨ ਨੂੰ ਫੀਸਾਂ ਵਸੂਲਣ ਸੰਬੰਧੀ ਕਈ ਜਵਾਬ ਕਰ ਰਹੀਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਵੇਂ ਸੈਸ਼ਨ ਸ਼ੁਰੂ ਹੋ ਗਏ ਨੇ ਅਤੇ ਆਨਲਾਈਨ ਕਲਾਸਾਂ ਦੀ ਗੱਲ ਕਹੀ ਜਾ ਰਹੀ ਹੈ ਜਿਸ ਨੂੰ ਲੈ ਕੇ ਵਿਦਿਆਰਥੀਆਂ ਨੂੰ ਫ਼ੀਸ ਭਰਨ ਲਈ ਕਿਹਾ ਗਿਆ ਸੀ।