ਚੰਡੀਗੜ੍ਹ: ਕੁੱਝ ਕਰਨ ਦਾ ਜਨੂੰਨ ਅਤੇ ਸਭ ਕੁੱਝ ਹਾਸਲ ਕਰਨ ਦਾ ਜ਼ਜ਼ਬਾ ਹੋਵੇ ਤਾਂ ਇਨਸਾਨ ਕੀ ਨਹੀਂ ਕਰ ਸਕਦਾ। ਇਸੇ ਜ਼ਜ਼ਬੇ ਅਤੇ ਜਨੂੰਨ ਦੀ ਕਹਾਣੀ ਦਾ ਦੂਜਾ ਨਾਂਅ ਹੈ ਸਿਮਰਨ ਕੌਰ, ਸਿਮਰਨ ਕੌਰ ਸਿਰਫ਼ 17 ਸਾਲ ਦੀ ਹੈ ਅਤੇ 12ਵੀਂ ਕਲਾਸ ਵਿੱਚ ਪੜ੍ਹਦੀ ਹੈ। 11 ਸਾਲ ਦੀ ਉਮਰ ਵਿੱਚ ਐਥਲੈਟਿਕ ਵਿੱਚ ਹੱਥ ਅਜ਼ਮਾ ਰਹੀ ਸਿਮਰਨ ਕੌਰ 14 ਵਾਰੀ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਚੁੱਕੀ ਹੈ ਅਤੇ 5 ਵਾਰੀ ਤਮਗ਼ਾ ਜਿੱਤਿਆ ਹੈ। ਉਸ ਨੂੰ 11 ਵਾਰੀ ਚੰਡੀਗੜ੍ਹ ਦੀ ਸਭ ਤੋਂ ਵਧੀਆ ਐਥਲੀਟ ਵੀ ਚੁਣਿਆ ਗਿਆ ਹੈ। ਪਰ ਇਸ ਵਾਰੀ ਸਿਮਰਨ ਦੀ ਤਾਰੀਫ਼ ਇੲਸ ਲਈ ਹੋ ਰਹੀ ਹੈ ਕਿ ਉਸ ਨੇ ਆਪਣੇ ਸੀਨੀਅਰ ਖਿਡਾਰੀਆਂ ਦੇ ਨਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਸੋਨ ਤਮਗਾ ਹਾਸਲ ਕੀਤਾ।
ਮਿਲਖ਼ਾ ਸਿੰਘ ਤੋਂ ਸਿਮਰਨ ਨੂੰ ਮਿਲੀ ਤਾਰੀਫ਼
ਆਪਣੇ ਜ਼ਮਾਨੇ ਦੇ ਸ਼ਾਨਦਾਰ ਐਥਲੀਟ ਮਿਲਖ਼ਾ ਸਿੰਘ ਤੋਂ ਸਿਮਰਨ ਨੂੰ ਕਾਫ਼ੀ ਤਾਰੀਫ਼ ਮਿਲੀ ਹੈ। ਸਿਮਰਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਤਿਰੂਪਤੀ ਵਿੱਚ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲਿਆ ਸੀ ਅਤੇ ਉਥੇ ਮੀਟ ਰਿਕਾਰਡ ਬਣਾਇਆ ਸੀ। ਉਸ ਸਮੇਂ ਉਨ੍ਹਾਂ ਖੇਡਾਂ ਨੂੰ ਉਡਣਾ ਸਿੱਖ ਮਿਲਖਾ ਸਿੰਘ ਨੇ ਵੀ ਵੇਖਿਆ ਸੀ ਅਤੇ ਸਿਮਰਨ ਨੂੰ ਦੌੜਦੇ ਹੋਏ ਵੇਖ ਕੇ ਉਨ੍ਹਾਂ ਨੇ ਸਿਮਰਨ ਨੂੰ ਬੁਲਾ ਕੇ ਚੰਗੀ ਤਾਰੀਫ਼ ਕੀਤੀ ਸੀ।
ਸਿਮਰਨ ਦੀਆਂ ਉਪਲਬੱਧੀਆਂ
- ਆਪਣੇ ਤੋਂ ਸੀਨੀਅਰ ਚੈਂਪੀਅਨਸ਼ਿਪ ਵਿੱਚ 100 ਮੀਟਰ ਵਿੱਚ ਸੋਨ
- 14 ਵਾਰੀ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲਿਆ
- 5 ਵਾਰੀ ਰਾਸ਼ਟਰੀ ਮੈਡਲ ਜਿਤਿਆ
- 11 ਵਾਰੀ ਚੰਡੀਗੜ੍ਹ ਦੀ ਸਭ ਤੋਂ ਵਧੀਆ ਐਥਲੀਟ
ਇਹ ਹੈ ਸਿਮਰਨ ਦੀ ਰੋਜ਼ਮਰ੍ਹਾ
11 ਸਾਲ ਦੀ ਉਮਰ ਤੋਂ ਐਥਲੀਟ ਬਣਨ ਦਾ ਸੁਪਨ ਵੇਖਣ ਵਾਲੀ ਸਿਮਰਨ 17 ਸਾਲ ਦੀ ਹੈ ਅਤੇ 12ਵੀਂ ਕਲਾਸ ਵਿੱਚ ਪੜ੍ਹਦੀ ਹੈ, ਉਹ ਦੋ ਟਿਊਸ਼ਨਾਂ ਪੜ੍ਹਦੀ ਹੈ। ਸਵੇਰੇ 2 ਘੰਟੇ ਅਤੇ ਸ਼ਾਮ ਨੂੰ 4 ਘੰਟੇ ਅਭਿਆਸ ਕਰਦੀ ਹੈ। ਉਸ ਦਾ ਪੂਰਾ ਦਿਨ ਅਭਿਆਸ ਅਤੇ ਸਕੂਲ ਵਿੱਚ ਨਿਕਲਦਾ ਹੈ। ਸਿਮਰਨ ਕਹਿੰਦੀ ਹੈ ਕਿ ਇਹ ਸੌਖਾ ਨਹੀਂ ਹੈ ਪਰ ਹੁਣ ਆਦਤ ਜਿਹੀ ਹੋ ਗਈ ਹੈ, ਪੂਰਾ ਦਿਨ ਬਿਜ਼ੀ ਸ਼ਡਿਊਲ ਹੈ, ਕੁੱਝ ਹੋਰ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਹੈ।