ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨਾਲ ਖੇਡਾਂ ਖੇਡਣੀਆਂ ਬੰਦ ਕਰਨ ਅਤੇ ਬਿਨਾਂ ਸ਼ਰਤ ਦੇ ਤੁਰੰਤ ਤਿੰਨੇ ਖੇਤੀ ਕਾਨੂੰਨ ਵਾਪਸ ਲੈਕੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਪ੍ਰਵਾਨ ਕਰਨ। ਅਕਾਲੀ ਦਲ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਭਾਰਤ ਸਰਕਾਰ ਦੀਆਂ ਤਜਵੀਜ਼ਾਂ ਰੱਦ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇ ਕਿਹਾ ਕਿ ਇਹ ਤਜਵੀਜ਼ਾਂ ਹੋਰ ਕੁੱਝ ਨਹੀਂ ਬਲਕਿ ਧਿਆਨ ਵੰਡਾਊ ਤਰਕੀਬਾਂ ਹਨ ਜਿਨ੍ਹਾਂ ਨੂੰ ਕਿਸਾਨਾ ਨੇ ਰੱਦ ਕਰ ਦਿੱਤਾ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਨ੍ਹਾਂ ਤਜਵੀਜ਼ਾਂ ਵਿੱਚ ਕੁੱਝ ਵੀ ਨਵਾਂ ਨਹੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਤਜਵੀਜ਼ਾਂ ਤਿੰਨ ਖੇਤੀ ਕਾਨੂੰਨ ਵਾਂਗ ਹੀ ਹਨ ਜੋ ਅਕਾਲੀ ਦਲ ਨੇ ਕਿਸਾਨਾਂ ਦਾ ਸਾਥ ਦੇਣ ਲਈ ਐਨ.ਡੀ.ਏ. ਛੱਡਣ ਵੇਲੇ ਰੱਦ ਕੀਤੀਆਂ ਸਨ। ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਤਰਸਯੋਗ ਗੱਲ ਹੈ ਕਿ ਦੇਸ਼ ਦਾ ਅੰਨਦਾਤਾ ਕਿਸਾਨ ਕੜਾਕੇ ਦੀ ਠੰਢ ਵਿੱਚ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਐਕਟ ਕਿਸਾਨਾਂ ਦੀ ਭਲਾਈ ਲਈ ਹਨ ਪਰ ਜਦੋਂ ਕਿਸਾਨ ਹੀ ਨਹੀਂ ਚਾਹੁੰਦਾ ਕਿ ਇਹ ਕਾਨੂੰਨ ਹੋਣ ਤਾਂ ਫਿਰ ਬਿਨਾਂ ਤਰਕ, ਗਲਤ ਅਤੇ ਗੈਰ-ਲੋਕਤਾਂਤਰਿਕ ਤਰੀਕੇ ਨਾਲ ਇਹ ਕਾਨੂੰਨ ਕਿਸਾਨਾਂ ਸਿਰ ਕਿਉਂ ਮੜ੍ਹੇ ਜਾ ਰਹੇ ਹਨ।