ਚੰਡੀਗੜ੍ਹ: ਕੋਵਿਡ-19 ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਪੈਸੇ ਅਤੇ ਰਾਸ਼ਨ ਨੂੰ ਲੋਕਾਂ ਵਿੱਚ ਵੰਡਣ ਨੂੰ ਲੈ ਕੇ ਕੇਂਦਰੀ ਮੰਤਰੀ ਹਰਮਿਰਤ ਬਾਦਲ ਵੱਲੋਂ ਸੂਬਾ ਸਰਕਾਰ 'ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਹੁਣ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਕੇਂਦਰ ਵੱਲੋਂ ਭੇਜੇ ਕਰੋੜਾਂ ਰੁਪਏ ਤੇ ਰਾਸ਼ਨ ਨਹੀਂ ਵੰਡ ਰਹੀ ਸਰਕਾਰ: ਚੀਮਾ - ਹਰਸਿਮਰਤ ਕੌਰ ਬਾਦਲ
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਚੀਮਾ ਨੇ ਸੂਬਾ ਸਰਕਾਰ 'ਤੇ ਦੋਸ਼ ਲਗਾਇਆ ਕਿ ਕੋਰੋਨਾ ਨਾਲ ਲੜਾਈ ਵਿੱਚ ਮਦਦ ਲਈ ਕੇਂਦਰ ਵੱਲੋਂ ਦਿੱਤੇ ਰਾਸ਼ਨ ਨੂੰ ਸਰਕਾਰ ਲੋਕਾਂ ਵਿੱਚ ਨਹੀਂ ਵੰਡ ਰਹੀ।
ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਦਿੱਤੇ ਜੀਐੱਸਟੀ ਮੁਆਵਜ਼ਾ ਅਤੇ ਬਕਾਇਆ ਸਣੇ ਕੁਦਰਤੀ ਆਫ਼ਤ ਰੋਕੂ ਪ੍ਰਬੰਧਾਂ ਦੇ ਕਰੋੜਾਂ ਰੁਪਏ ਦਾ ਇਸਤੇਮਾਲ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਕਰੇ। ਚੀਮਾ ਨੇ ਦੋਸ਼ ਲਗਾਏ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਤੱਕ ਰਾਹਤ ਸਮੱਗਰੀ ਨਹੀਂ ਪਹੁੰਚਾ ਰਹੀ।
ਅਕਾਲੀ ਆਗੂ ਨੇ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਈਆਂ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਕੇਂਦਰ ਨੇ ਬਹੁਤ ਫ਼ੁਰਤੀ ਨਾਲ ਫ਼ੰਡ ਜਾਰੀ ਕਰ ਦਿੱਤੇ ਹਨ। ਹੁਣ ਜਲਦੀ ਇਸ ਰਾਸ਼ਨ ਨੂੰ ਲੋੜਵੰਦਾਂ ਤਕ ਪਹੁੰਚਾਉਣਾ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰ ਤੋਂ ਹੋਰ ਫੰਡ ਮੰਗਣ ਦੀ ਥਾਂ ਆ ਚੁੱਕੀ ਰਾਹਤ ਸਮੱਗਰੀ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।