ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੰਗਰ ’ਤੇ ਲਗਦੇ ਜੀ.ਐਸ.ਟੀ. ਦੀ ਰਕਮ ਦਾ ਭੁਗਤਾਨ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਹੈ। ਕੈਪਟਨ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ 1,96,57,190 ਰੁਪਏ ਦਿੱਤੇ ਹਨ ਜਿਸ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਮੁੱਚੇ ਬਕਾਏ ਰਕਮ ਦਾ ਭੁਗਤਾਨ ਕੀਤਾ ਹੈ।
ਜੀ.ਐਸ.ਟੀ. ਬਿਲਾਂ ਦੇ ਬਕਾਏ ਦੇ ਭੁਗਤਾਨ ਲਈ ਰਾਸ਼ੀ ਦੀ ਕੀਤੀ ਵੰਡ ਮੁਤਾਬਕ ਦਰਬਾਰ ਸਾਹਿਬ ਲਈ 3.5 ਕਰੋੜ ਰੁਪਏ ਰੱਖੇ ਗਏ ਸਨ ਜਦਕਿ ਦੁਰਗਿਆਨਾ ਮੰਦਰ ਲਈ 35 ਹਜ਼ਾਰ ਰੁਪਏ ਅਤੇ ਬਾਕੀ ਰਹਿੰਦੀ ਰਕਮ ਵਾਲਮੀਕਿ ਸਥਲ ਰਾਮ ਤੀਰਥ ਲਈ ਰੱਖੇ ਗਏ ਹਨ। ਮੁੱਖ ਮੰਤਰੀ ਨੇ ਇਨਾਂ ਤਿੰਨਾਂ ਸਥਾਨਾਂ ਦੇ ਭਵਿੱਖ ਵਿੱਚ ਵੀ ਸਾਰੇ ਕਲੇਮ ਦਾ ਤੁਰੰਤ ਭੁਗਤਾਨ ਕਰਨ ਦੀ ਹਦਾਇਤ ਕੀਤੀ ਹੈ।
ਮੁੱਖ ਸਕੱਤਰ ਮਾਲ ਕੇ.ਬੀ.ਐਸ. ਸਿੱਧੂ ਨੇ ਕਿਹਾ ਕਿ ਇਸ ਰਕਮ ਦੀ ਅਦਾਇਗੀ ਤੋਂ ਬਾਅਦ ਐਸ.ਜੀ.ਪੀ.ਸੀ. ਵੱਲ ਸੂਬੇ ਦੀ ਕੋਈ ਵੀ ਦੇਣਦਾਰੀ ਬਾਕੀ ਨਹੀਂ ਰਹਿ ਜਾਵੇਗੀ। ਸਿੱਧੂ ਨੇ ਕਿਹਾ ਕਿ 2 ਧਾਰਮਿਕ ਸਥਾਨ ਦੁਰਗਿਆਨਾ ਮੰਦਰ ਅਤੇ ਵਾਲਮੀਕਿ ਸਥਲ ਰਾਮ ਤੀਰਥ ਪਾਸੋਂ ਸਰਕਾਰ ਨੇ ਅਜੇ ਤੱਕ ਕੋਈ ਵੀ ਕਲੇਮ ਹਾਸਲ ਨਹੀਂ ਕੀਤਾ ਜਿਸ ਲਈ ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰ ਨੂੰ ਮਈ ਮਹੀਨੇ ਵਿੱਚ 4 ਕਰੋੜ ਰੁਪਏ ਦੀ ਰਾਸ਼ੀ ਸੌਂਪ ਦਿੱਤੀ ਸੀ।