ਪੰਜਾਬ

punjab

ETV Bharat / city

ਕੌਮਾਂਤਰੀ ਐਥਲੀਟ ਈਸ਼ਰ ਸਿੰਘ ਦਿਉਲ ਦੇ ਦੇਹਾਂਤ 'ਤੇ ਖੇਡ ਮੰਤਰੀ ਰਾਣਾ ਸੋਢੀ ਨੇ ਪ੍ਰਗਟਾਇਆ ਦੁੱਖ - ਚੰਡੀਗੜ੍ਹ

ਕੌਮਾਂਤਰੀ ਐਥਲੀਟ ਈਸ਼ਰ ਸਿੰਘ ਦਿਉਲ ਦੇ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਕੌਮਾਂਤਰੀ ਐਥਲੀਟ ਈਸ਼ਰ ਸਿੰਘ ਦਿਉਲ ਦੇ ਦੇਹਾਂਤ 'ਤੇ ਖੇਡ ਮੰਤਰੀ ਰਾਣਾ ਸੋਢੀ ਨੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਈਸ਼ਰ ਸਿੰਘ ਦਿਉਲ ਦੇ ਦੇਹਾਂਤ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ।

ਕੌਮਾਂਤਰੀ ਅਥਲੀਟ ਈਸ਼ਰ ਸਿੰਘ ਦਿਉਲ ਦਾ ਦੇਹਾਂਤ
ਕੌਮਾਂਤਰੀ ਅਥਲੀਟ ਈਸ਼ਰ ਸਿੰਘ ਦਿਉਲ ਦਾ ਦੇਹਾਂਤ

By

Published : Mar 7, 2021, 10:20 PM IST

ਚੰਡੀਗੜ੍ਹ: ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਧਿਆਨ ਚੰਦ ਕੌਮੀ ਖੇਡ ਸਨਮਾਨ ਨਾਲ ਨਿਵਾਜੇ ਗਏ ਕੌਮਾਂਤਰੀ ਐਥਲੀਟ ਈਸ਼ਰ ਸਿੰਘ ਦਿਉਲ (91) ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਤੀ ਦੇਰ ਸ਼ਾਮ ਈਸ਼ਰ ਸਿੰਘ ਦਿਉਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਦਿਉਲ ਦਾ ਸਸਕਾਰ ਅੱਜ ਜਲੰਧਰ ਵਿਖੇ ਕੀਤਾ ਗਿਆ। ਖੇਡ ਮੰਤਰੀ ਰਾਣਾ ਸੋਢੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਰਾਣਾ ਸੋਢੀ ਨੇ ਕਿਹਾ 1951 ਤੋਂ ਖੇਡ ਪਿੜ ਵਿੱਚ ਆਪਣੀ ਖੇਡ ਵਿਖਾਉਂਦਿਆਂ ਦੇਸ਼ ਅਤੇ ਸੂਬੇ ਲਈ ਕਈ ਤਮਗ਼ੇ ਜਿੱਤਣ ਵਾਲੇ ਦਿਉਲ ਨੂੰ ਸੰਨ 2009 ਵਿੱਚ ਉਮਰ ਭਰ ਖੇਡਾਂ ਲਈ ਯੋਗਦਾਨ ਪਾਉਣ ਵਾਸਤੇ ਧਿਆਨ ਚੰਦ ਕੌਮੀ ਐਵਾਰਡ ਨਾਲ ਨਿਵਾਜਿਆ ਗਿਆ। ਲਗਾਤਾਰ 30 ਸਾਲ ਪੰਜਾਬ ਐਥਲੈਟਿਲਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਕਈ ਵਰ੍ਹੇ ਐਥਲੈਟਿਕਲ ਫ਼ੈਡਰੇਸ਼ਨ ਆਫ਼ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਤੇ ਚੋਣ ਕਮੇਟੀ ਦੇ ਮੈਂਬਰ ਰਹਿਣ ਵਾਲੇ, ਖਿਡਾਰੀਆਂ ਲਈ ਚਾਨਣ ਮੁਨਾਰੇ ਦਿਉਲ ਦੇ ਅਕਾਲ ਚਲਾਣੇ ਨਾਲ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਦੱਸਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੰਗੂਵਾਲ 7 ਸਤੰਬਰ, 1929 ਨੂੰ ਜਨਮੇ ਦਿਉਲ ਨੇ ਐਨ.ਏ.ਸੀ. ਹਾਈ ਸਕੂਲ, ਮਿੰਟਗੁਮਰੀ, ਪਾਕਿਸਤਾਨ ਤੋਂ 10ਵੀਂ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗਰੈਜੂਏਸ਼ਨ ਕੀਤੀ। ਐਨ.ਆਈ.ਐਸ. ਪਟਿਆਲਾ ਤੋਂ ਐਥਲੈਟਿਕਸ ਕੋਚਿੰਗ ਸਰਟੀਫ਼ਿਕੇਟ ਲਿਆ। ਉਨ੍ਹਾਂ ਥੋੜਾ ਚਿਰ ਪੈਪਸੂ ਪੁਲਿਸ ਵਿੱਚ ਬਤੌਰ ਏ.ਐਸ.ਆਈ. ਸੇਵਾ ਕੀਤੀ ਅਤੇ ਫਿਰ ਸਟੇਟ ਸਪੋਰਟਸ ਕਾਲਜ ਜਲੰਧਰ ਚਲੇ ਗਏ, ਜਿਥੋਂ ਉਹ 1987 ਵਿੱਚ ਪ੍ਰਿੰਸੀਪਲ (ਕਾਰਜਕਾਰੀ) ਸੇਵਾ ਮੁਕਤ ਹੋਏ।

ਦਿਉਲ ਨੇ ਪਹਿਲੀਆਂ ਤਿੰਨ ਏਸ਼ੀਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ 1954 ਦੌਰਾਨ ਹੋਈਆਂ ਦੂਜੀਆਂ ਏਸ਼ੀਆਈ ਖੇਡਾਂ 'ਚ ਕਾਂਸੀ ਦਾ ਤਮਗ਼ਾ ਜਿੱਤਿਆ। 1957 'ਚ ਮਿੰਟਗੁਮਰੀ, ਪਾਕਿਸਤਾਨ ਵਿੱਚ ਹੋਈ ਕੌਮਾਂਤਰੀ ਅਥਲੈਟਿਕ ਮੀਟ ਵਿੱਚ ਉਨ੍ਹਾਂ ਨੇ 46 ਫ਼ੁਟ 11.2 ਇੰਚ ਗੋਲ਼ਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਕਾਇਮ ਕੀਤਾ।

ਸ੍ਰੀ ਦਿਉਲ 1951 ਤੋਂ 1960 ਲਗਾਤਾਰ ਗੋਲ਼ਾ ਸੁੱਟਣ ਅਤੇ ਡਿਸਕਸ ਥਰੋਅ ਵਿੱਚ ਹਿੱਸਾ ਲੈਂਦੇ ਰਹੇ। ਉਹ ਪੰਜ ਸਾਲ ਲਗਾਤਾਰ ਆਲ ਇੰਡੀਆ ਪੁਲਿਸ ਮੀਟ ਵਿੱਚ 1952 ਤੋਂ 1957 ਤੱਕ ਸੋਨ ਤਮਗ਼ਾ ਫੁੰਡਦੇ ਰਹੇ। 1982 ਵਿੱਚ ਸਿੰਗਾਪੁਰ 'ਚ ਪਹਿਲੀ ਏਸ਼ੀਅਨ ਵੈਟਰਨ ਐਥਲੈਟਿਕ ਮੀਟ ਦੌਰਾਨ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਉਹ ਦੇਸ਼-ਵਿਦੇਸ਼ਾਂ ਵਿੱਚ ਹੋਏ ਵੱਖ-ਵੱਖ ਵਕਾਰੀ ਖੇਡ ਟੂਰਨਾਂਮੈਂਟਾਂ ਦੌਰਾਨ ਅਹਿਮ ਭੂਮਿਕਾਵਾਂ ਨਿਭਾਈਆਂ।

ABOUT THE AUTHOR

...view details