ਚੰਡੀਗੜ੍ਹ: ਪੰਜਾਬ ਸਰਕਾਰ ਦੀ ਸਿਫਾਰਿਸ਼ ਉੱਤੇ ਭਲਕੇ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਸੰਧਵਾ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਦੀ ਸਿਫਾਰਿਸ਼ ਉੱਪਰ ਉਨ੍ਹਾਂ ਵੱਲੋਂ ਭਲਕੇ 16ਵੀਂ ਵਿਧਾਨਸਭਾ ਦਾ ਪਹਿਲਾਂ ਸੈਸ਼ਨ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਸਦੇ ਚੱਲਦੇ ਸੰਧਵਾ ਵੱਲੋਂ ਵਿਧਾਨਸਭਾ ਦੇ ਮੈਂਬਰਾਂ ਨੂੰ ਇਸ ਵਿਸ਼ੇਸ਼ ਸੈਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸੈਸ਼ਨ 01.04.2022 ਨੂੰ ਸਵੇਰੇ 10 ਸ਼ੁਰੂ ਹੋਵੇਗਾ।
ਇਸ ਇੱਕ ਰੋਜ਼ਾ ਵਿਧਾਨਸਭਾ ਸੈਸ਼ਨ ਵਿੱਚ ਕਈ ਅਹਿਮ ਫੈਸਲਿਆਂ ’ਤੇ ਚਰਚਾ ਹੋ ਸਕਦੀ ਹੈ ਅਤੇ ਸਰਕਾਰ ਪਾਸ ਹੋਣ ਲਈ ਬਿੱਲ ਲਿਆ ਸਕਦੀ ਹੈ। ਚੰਡੀਗੜ੍ਹ ਦੇ ਭਖ ਰਹੇ ਮੁੱਦੇ ਤੋਂ ਇਲਾਵਾ ਸਰਕਾਰ ਵੱਲੋਂ ਹਾਲੀਆ ਵਿੱਚ ਲਏ ਗਏ ਕਈ ਹੋਰ ਵੀ ਫੈਸਲਿਆਂ ਉੱਪਰ ਚਰਚਾ ਹੋ ਸਕਦੀ ਹੈ। ਇਸਦੇ ਨਾਲ ਹੀ ਪਿਛਲੇ ਦਿਨੀਂ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਧਾਉਣ ’ਤੇ ਲਗਾਈ ਗਈ ਰੋਕ ਅਤੇ ਇੱਕ ਵਿਧਾਇਕ ਇੱਕ ਪੈਨਸ਼ਨ ਉੱਪਰ ਵੀ ਚਰਚਾ ਹੋ ਸਕਦੀ ਹੈ।