ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਇੱਕ ਦਿਨੀਂ ਵਿਸ਼ੇਸ਼ ਇਜਲਾਸ ਅੱਜ ਹੋਵੇਗਾ। ਇਹ ਵਿਸ਼ੇਸ਼ ਇਜਲਾਸ ਦੋ ਵੱਖ-ਵੱਖ ਹਿੱਸਿਆਂ 'ਚ ਚੱਲੇਗਾ ਅਤੇ ਸਵੇਰੇ 11 ਵਜੇ ਤੋਂ 1 ਵਜੇ ਤੱਕ ਚਲੇਗਾ। ਇਸ ਦੌਰਾਨ ਸੱਦੇ ਗਏ ਬੁਲਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਸਦਨ ਨੂੰ ਸੰਬੋਧਨ ਕਰਨਗੇ।
15 ਵੇਂ ਪੰਜਾਬ ਵਿਧਾਨ ਸਭਾ ਦੇ 9 ਵੇਂ ਸੈਸ਼ਨ ਦੀ ਸ਼ੁਰੂਆਤ ਦੁਪਹਿਰ 2: 30 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇਗਾ। ਇਸ ਦੀ ਸ਼ੁਰੂਆਤ ਦਿਵਿਆਂਗਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਨਾਲ ਹੋਵੇਗੀ। 15 ਮਿੰਟ ਮੁਲਤਵੀ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਦੁਪਹਿਰ 3.15 ਵਜੇ ਸ਼ੁਰੂ ਹੋਵੇਗੀ, ਇਸ 'ਚ ਸਰਕਾਰੀ ਪ੍ਰਸਤਾਵ, ਕਾਨੂੰਨੀ ਕੰਮ ਕੀਤੇ ਜਾਣਗੇ।
ਸਦਨ ਦੇ ਪਹਿਲੇ ਹਿੱਸੇ ਦੀ ਪ੍ਰਧਾਨਗੀ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕਰਨਗੇ। ਇਜਲਾਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਅਤੇ ਹਰਿਆਣਾ ਸੂੂਬਿਆਂ ਦੇ ਰਾਜਪਾਲ, ਹਰਿਆਣਾ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਸਾਰੇ ਸੱਦੇ ਗਏ ਬੁਲਾਰੇ ਸ਼ਮੂਲੀਅਤ ਕਰਨਗੇ।
ਇਸ ਹਿੱਸੇ ਲਈ ਸਦਨ ਵਿੱਚ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ, ਜਿਸ ਦੇ ਤਹਿਤ ਮੁੱਖ ਡਾਇਸਾਂ 'ਤੇ ਸੱਤ ਸਤਿਕਾਰਯੋਗ ਬੁਲਾਰਿਆਂ ਦੇ ਬੈਠਣ ਦੇ ਪ੍ਰਬੰਧ ਅਤੇ ਹੋਰ ਪ੍ਰਮੁੱਖ ਮਹਿਮਾਨਾਂ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਇਸ ਹਿੱਸੇ ਵਿੱਚ ਕੋਈ ਕਾਨੂੰਨੀ ਕੰਮ ਨਹੀਂ ਕੀਤਾ ਜਾਵੇਗਾ ਅਤੇ ਸਿਰਫ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਹੀ ਪ੍ਰਗਟਾਇਆ ਜਾਵੇਗਾ।
ਇੰਝ ਮੰਨਿਆ ਜਾ ਰਿਹਾ ਹੈ ਕਿ ਦੂਜੇ ਸੈਸ਼ਨ ਦੇ ਦੌਰਾਨ ਸੂਬਾ ਸਰਕਾਰ ,ਮੁੱਖ ਮੰਤਰੀ ਦੇ ਛੇ ਸਲਾਹਕਾਰਾਂ ਨੂੰ ਲਾਭ ਦੇ ਦਾਇਰੇ ਤੋਂ ਬਾਹਰ ਕਰਨ ਲਈ ਬਿੱਲ ਦੇ ਵਿੱਚ ਸੋਧ ਕਰਨ ਦੀ ਤਜਵੀਜ਼ ਅਤੇ ਵਿਧਾਇਕਾਂ ਦੀ ਪੈਨਸ਼ਨ ਵਧਾਉਣ ਦੇ ਪ੍ਰਸਤਾਵ ਤੋਂ ਇਲਾਵਾ, ਸੀਐਸਆਰ ਫੰਡਾਂ ਦੀ ਨਿਯਮਤ ਵਰਤੋਂ ਲਈ ਬੋਰਡ ਅਥਾਰਟੀ ਦੇ ਗਠਨ , ਸੂਬੇ ਦੇ ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਉਮਰ ਹੱਦ 70 ਤੋਂ ਵਧਾ ਕੇ 72 ਸਾਲ ਕਰਨ ਲਈ ਸੋਧ ਬਿੱਲ ਨਾਲ ਸਬੰਧਤ ਪ੍ਰਸਤਾਵ ਉੱਤੇ ਸਦਨ ਦੀ ਪ੍ਰਵਾਨਗੀ ਪੇਸ਼ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸੂਬਾ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਦੀਆਂ ਬਾਗਡੋਰ ਖ਼ੁਦ ਲੈਣ ਲਈ ਸਦਨ ਵਿੱਚ ਹੀ ਇਕ ਮਤਾ ਲਿਆ ਸਕਦੀ ਹੈ।