ਮੁਹਾਲੀ: ਵਿਸ਼ਵ ਸ਼ੂਗਰ ਦਿਵਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਬੇ ਭਰ ਵਿੱਚ ਵਿਸ਼ੇਸ਼ ਸਕਰੀਨਿੰਗ ਕੈਂਪ ਲਗਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ, ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਕਰੀਨਿੰਗ ਕੈਂਪਾਂ ਵਿੱਚ ਸ਼ੂਗਰ, ਹਾਈਪਰਟੈਂਸ਼ਨ ਅਤੇ ਮੋਟਾਪੇ ਜਿਹੀਆਂ ਵੱਖ ਵੱਖ ਗੈਰ ਸੰਚਾਰੀ ਬਿਮਾਰੀਆਂ ਲਈ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕਰੀਨਿੰਗ ਕੈਂਪਾਂ ਦਾ ਵਿਸ਼ੇਸ਼ ਧਿਆਨ ਸ਼ਨਾਖਤ ਨਾ ਕੀਤੀਆਂ ਬਿਮਾਰੀਆਂ ਬਾਰੇ ਪਤਾ ਲਗਾਉਣਾ ਅਤੇ ਐਨ.ਸੀ.ਡੀਜ਼ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਰੇਕ ਸਾਲ 14 ਨਵੰਬਰ ਨੂੰ 'ਵਿਸ਼ਵ ਸ਼ੂਗਰ ਦਿਵਸ' ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੰਤਵ ਅਜਿਹੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਜਿਨ੍ਹਾਂ ਨਾਲ ਰੋਜ਼ਾਨਾ ਲੱਖਾਂ ਲੋਕ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਦੇ ਅੰਕੜਿਆਂ ਅਨੁਸਾਰ, 422 ਮਿਲੀਅਨ ਵਿਅਕਤੀ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਹਨ।