ਚੰਡੀਗੜ੍ਹ: ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਦੁਨੀਆ ਦੇ ਕੋਨੋ ਕੋਨੇ ਵਿੱਚ ਬੈਠੀ ਸਿੱਖ ਸੰਗਤ ਉਨ੍ਹਾਂ ਨੂੰ ਸਿਜਦਾ ਕਰ ਰਹੀ ਹੈ। ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਹਨ ਜਿੰਨ੍ਹਾਂ ਨੇ ਸਿੱਖੀ ਲਈ ਆਪਣੀ ਖੋਪਰੀ ਉਤਰਵਾ ਦਿੱਤੀ ਪਰ ਸਿਦਕ ਨਹੀਂ ਹਾਰਿਆ। ਉਨ੍ਹਾਂ ਦਾ ਜਨਮ ਅਕਤੂਬਰ 1720 ਈਸਵੀ ਦੇ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ‘ਚ ਭਾਈ ਜੋਧ ਸਿੰਘ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ।
ਭਾਈ ਤਾਰੂ ਸਿੰਘ ਜੀ ਦੇ ਸਮੇਂ ਸਿੱਖਾਂ ‘ਤੇ ਮੁਗਲ ਹਕੂਮਤ ਅੰਨ੍ਹਾ ਜੁਲਮ ਢਾਹ ਰਹੀ ਸੀ। ਇਸ ਦੌਰਾਨ ਅਜਿਹੇ ਨਾਜੁਕ ਹਾਲਾਤਾਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਸਿੱਖਾਂ ਦੀ ਮਦਦ ਲਈ ਅੱਗੇ ਆਏ ਅਤੇ ਆਪਣੇ ਪਰਿਵਾਰ ਸਮੇਤ ਮੁਗਲ ਹਕੂਮਤ ਦਾ ਡਟ ਕੇ ਸਾਹਮਣਾ ਕਰ ਰਹੇ ਸਿੰਘਾਂ ਦੀ ਸੇਵਾ ਵਿੱਚ ਲੱਗ ਗਏ ਅਤੇ ਉਨ੍ਹਾਂ ਲਈ ਲੰਗਰ-ਪਾਣੀ ਦੀ ਸੇਵਾ ਕਰਨ ਲੱਗ ਗਏ। ਮੁਗਲ ਹਕੂਮਤ ਉਨ੍ਹਾਂ ਦੀ ਇਹ ਸੇਵਾ ਸਵੀਕਾਰ ਨਹੀਂ ਸੀ ਤੇ ਇਸਦੇ ਦੇ ਜੁਰਮ ਵਜੋਂ ਲਾਹੌਰ ਦੇ ਗਵਰਨਰ ਜਕਰੀਆ ਖਾਨ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ‘ਤੇ ਧਰਮ ਤਬਦੀਲ ਕਰਨ ਦੇ ਲਈ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਪਰ ਭਾਈ ਤਾਰੂ ਸਿੰਘ ਅਡੋਲ ਹੋ ਕੇ ਮੁਗਲ ਹਕੂਮਤ ਦੇ ਜੁਲਮ ਸਾਹਮਣੇ ਡਟੇ ਰਹੇ ਪਰ ਈਨ ਨਹੀਂ ਮੰਨੀ।