ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨੇ ਮੁਲਾਕਾਤ ਕੀਤੀ। ਗੈਰ ਰਸਮੀ ਇਸ ਮੁਲਾਕਾਤ ਵਿਚ ਸਤੀਸ਼ ਮਹਾਨਾ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਵਿਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਦੀ ਵੀ ਖੁੱਲ੍ਹ ਕੇ ਤਾਰੀਫ ਕੀਤੀ।
ਪੰਜਾਬੀ ਮੂਲ ਦੇ ਸਤੀਸ਼ ਮਹਾਨਾ ਨੇ ਕਿਹਾ ਕਿ ਪੰਜਾਬੀ ਕਿਤੇ ਵੀ ਵੱਸਦਾ ਹੋਵੇ, ਉਸਦੀ ਰੂਹ ਹਮੇਸ਼ਾਂ ਪੰਜਾਬ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਪੰਜਾਬੀਆਂ ‘ਚ ਮਦਦ ਕਰਨ ਦੇ ਜਜ਼ਬੇ ਨੂੰ ਵੀ ਸਲਾਮ ਕੀਤਾ। ਲਗਾਤਾਰ 8ਵੀਂ ਵਾਰ ਵਿਧਾਇਕ ਬਣੇ ਸਤੀਸ਼ ਮਹਾਨਾ ਨੇ ਬਹੁਤ ਸਾਰੇ ਨਿੱਜੀ ਤਜਰਬੇ ਸੰਧਵਾਂ ਨਾਲ ਸਾਂਝੇ ਕੀਤੇ। ਮਹਾਨਾ ਵੱਲੋਂ ਦਿੱਤੇ ਕਈ ਸੁਝਾਅ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਵਿਚ ਵੀ ਲਾਗੂ ਕਰਨ ਦੀ ਹਾਮੀ ਭਰੀ।