ਚੰਡੀਗੜ੍ਹ:ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ (Sonia Mann) ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ। ਸੋਨੀਆ ਮਾਨ (Sonia Mann) ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦਾ ਪ੍ਰੋਗਰਾਮ ਪਾਰਟੀ ਹੈੱਡਕੁਆਟਰ ਸੈਕਟਰ 28 ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ। ਸੋਨੀਆ ਮਾਨ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਮੌਜੂਦਗੀ ਵਿੱਚ ਸ਼ਾਮਲ ਕੀਤਾ ਜਾਣਾ ਸੀ।
ਸੋਨੀਆ ਮਾਨ ਅਜੇ ਵੀ ਦੱਸੇ ਜਾ ਰਹੇ ਸੁਖਬੀਰ ਬਾਦਲ ਦੇ ਸੰਪਰਕ ਚ
ਫਿਲਹਾਲ ਉਨ੍ਹਾਂ ਦੇ ਪੀਏ ਨੇ ਫੋਨ 'ਤੇ ਕਿਹਾ ਕਿ ਉਹ ਅਕਾਲੀ ਦਲ 'ਚ ਸ਼ਾਮਲ ਨਹੀਂ ਹੋ ਰਹੇ ਹਨ। ਜਦੋਂ ਸੋਨੀਆ ਮਾਨ (Sonia Mann) ਨਾਲ ਗੱਲ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਰੁੱਝੇ ਹੋਏ ਹਨ। ਦੂਜੇ ਪਾਸੇ ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਮਾਨ ਦਾ ਅੱਜ ਹਾਜ਼ਰੀ ਭਰਨਾ ਤੈਅ ਸੀ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਵਿਰੁੱਧ ਪੋਸਟਾਂ ਕਾਰਨ ਉਹ ਕੁਝ ਝਿਜਕ ਮਹਿਸੂਸ ਕਰ ਰਹੀ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਸੋਨੀਆ ਮਾਨ ਨੇ ਸਵੇਰੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਹ ਅਜੇ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ।
ਸੋਨੀਆ ਮਾਨ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ
ਸੋਨੀਆ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਰੱਜ ਕੇ ਉਨ੍ਹਾਂ ਖਿਲਾਫ਼ ਟਿੱਪਣੀਆਂ ਕਰਨ ਵਾਲਿਆਂ ਖਿਲਾਫ਼ ਭੜਾਸ ਕੱਢੀ ਹੈ। ਸੋਨੀਆ ਮਾਨ ਨੇ ਕਿਹਾ ਕਿ ਕੁਝ ਲੋਕਾਂ ਨੇ ਆਪਣੇ ਨਿੱਜੀ ਸਵਾਰਥ ਦੀ ਖਾਤਰ ਅਖਬਾਰੀ ਖ਼ਬਰਾਂ ਤੇ ਅਫਵਾਹਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਭੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਢਾਲ ਬਣਾ ਕੇ ਉਨ੍ਹਾਂ ਉੱਪਰ ਨਿੱਜੀ ਹਮਲੇ ਕੀਤੇ ਗਏ ਹਨ ਜਿਸਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਉਨ੍ਹਾਂ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚ ਕੀਤੇ ਯਤਨਾਂ ਦਾ ਵੀ ਜ਼ਿਕਰ ਕੀਤਾ ਹੈ।