ਚੰਡੀਗੜ੍ਹ:ਅੰਮ੍ਰਿਤਸਰ ’ਚ ਟਿਫਨ ਬੰਬ ਮਾਮਲੇ ਦੀ ਜਾਂਚ ਨੂੰ ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਸੌਂਪ ਦਿੱਤੀ ਹੈ। ਐਨਆਈਏ ਵੱਲੋ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਚੱਲਦੇ ਐਨਆਈਏ ਅਤੇ ਆਈਬੀ ਨੇ ਸਾਂਝੇ ਤੌਰ ’ਤੇ ਸਿੱਖ ਪ੍ਰਚਾਰਕ ਤੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਮੁੰਡੇ ਦੇ ਜਲੰਧਰ ਵਿਖੇ ਘਰ ਚ ਛਾਪੇਮਾਰੀ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਘਰ ਚੋਂ ਆਰਡੀਐਕਸ, ਡਰੋਨ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੂਤਰਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸਿੱਖ ਪ੍ਰਚਾਰਕ ਤੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਮੁੰਡੇ ਨੂੰ ਅਧਿਕਾਰੀਆਂ ਨੇ ਗ੍ਰਿਫਤਾਰ ਵੀ ਕਰ ਲਿਆ ਹੈ।
ਦੱਸ ਦਈਏ ਕਿ ਟਿਫਨ ਬੰਬ ਬਰਾਮਦ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਪੁਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਰਹੱਦੀ ਖੇਤਰਾਂ ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਟਿਫਨ ਬੰਬ ਮਾਮਲੇ ’ਚ ਗ੍ਰਹਿ ਮੰਤਰਾਲੇ ਨੇ ਚੁੱਕਿਆ ਇਹ ਕਦਮ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਿੱਖ ਪ੍ਰਚਾਰਕ ਜਸਵੀਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਉਨ੍ਹਾਂ ਦੇ ਘਰ ਕੁਝ ਲੋਕ ਆਏ ਅਤੇ ਘਰ ਦੀ ਤਲਾਸ਼ੀ ਲੈਣ ਲੱਗੇ। ਬਾਅਦ ’ਚ ਉਹ ਗੁਰਮੁੱਖ ਸਿੰਘ ਨੂੰ ਆਪਣੇ ਨਾਲ ਲੈ ਕੇ ਚੱਲੇ ਗਏ। ਜਸਵੀਰ ਸਿੰਘ ਦੇ ਮੁਤਾਬਿਕ ਕਰੀਬ ਦੋ ਘੰਟੇ ਬਾਅਦ ਟੀਮ ਲੋਕ ਗੁਰਮੁੱਖ ਸਿੰਘ ਨੂੰ ਲੈ ਕੇ ਵਾਪਿਸ ਆਈ ਅਤੇ ਇੱਕ ਬੈੱਗ ਸਣੇ ਮੁੜ ਤੋਂ ਆਪਣੇ ਨਾਲ ਲੈ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਇਹ ਨਹੀਂ ਜਾਣਦੇ ਇਸ ਬੈੱਗ ’ਚ ਕੀ ਸੀ।