ਚੰਡੀਗੜ੍ਹ: ਸਾਈਬਰ ਅਪਰਾਧੀਆਂ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਵੀਰੇਸ਼ ਕੁਮਾਰ ਭਾਵਰਾ ਦੀ ਤਸਵੀਰ ਦੀ ਦੁਰਵਰਤੋਂ ਕੀਤੀ ਹੈ। ਠੱਗਾਂ ਨੇ ਡੀਜੀਪੀ ਦੀ ਤਸਵੀਰ ਲਗਾ ਕੇ ਇੱਕ ਵਟਸਐਪ ਆਈਡੀ ਬਣਾ ਲਈ ਅਤੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੰਦੇਸ਼ ਭੇਜ ਦਿੱਤੇ।
ਸੂਬੇ 'ਚ ਅਲਰਟ ਜਾਰੀ: ਮਾਮਲਾ ਸਾਹਮਣੇ ਆਉਣ 'ਤੇ ਪੰਜਾਬ ਪੁਲਿਸ ਨੇ ਪੂਰੇ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਹੈ ਕਿ ਜੇਕਰ ਕਿਸੇ ਨੂੰ ਵੀ ਵਟਸਐਪ 'ਤੇ ਡੀਜੀਪੀ ਦੀ ਤਸਵੀਰ ਵਾਲਾ ਮੈਸੇਜ ਆਉਂਦਾ ਹੈ ਤਾਂ ਸਾਈਬਰ ਕ੍ਰਾਈਮ ਸੈੱਲ ਨੂੰ ਸੂਚਿਤ ਕੀਤਾ ਜਾਵੇ।
ਡੀਜੀਪੀ ਦੀ ਲੱਗੀ ਸੀ ਤਸਵੀਰ: ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ ਕੁਝ ਡਿਪਟੀ ਕਮਿਸ਼ਨਰਾਂ ਨੂੰ ਮੋਬਾਈਲ ਨੰਬਰ +91-74369-06364 ਤੋਂ ਸੰਦੇਸ਼ ਪ੍ਰਾਪਤ ਹੋਏ ਸਨ, ਜਿਸ ਵਿੱਚ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਦੀ ਤਸਵੀਰ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸੁਨੇਹਿਆਂ 'ਚ ਅਪਰਾਧੀਆਂ ਤੋਂ ਪੈਸਿਆਂ ਦੀ ਵੀ ਮੰਗ ਕੀਤੀ ਗਈ ਸੀ ਪਰ ਪੁਲਿਸ ਵਿਭਾਗ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਜਦੋਂ ਇਹ ਸੰਦੇਸ਼ ਪ੍ਰਾਪਤ ਕਰਨ ਵਾਲੇ ਡਿਪਟੀ ਕਮਿਸ਼ਨਰਾਂ ਨੇ ਡੀਜੀਪੀ ਨਾਲ ਗੱਲ ਕੀਤੀ ਤਾਂ ਸਪੱਸ਼ਟ ਹੋ ਗਿਆ ਕਿ ਇਹ ਇੱਕ ਧੋਖਾਧੜੀ ਹੈ।