ਚੰਡੀਗੜ੍ਹ: ਜਿੱਥੇ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਸਖ਼ਤ ਰੁਖ਼ ਦਿਖਾ ਰਹੀ ਹੈ, ਜਾਪਦਾ ਇਉਂ ਹੈ ਕਿ ਪ੍ਰਮਾਤਮਾ ਵੀ ਹੁਣੇ ਹੀ ਕਿਸਾਨਾਂ ਦਾ ਇਮਤਿਹਾਨ ਲੈ ਰਿਹਾ ਹੋਵੇ। ਦਿੱਲੀ ਦੇ ਬਾਰਡਰ ’ਤੇ ਕਿਸਾਨੀ ਅੰਦਲੋਨ ਜਿੱਥੇ ਸੋਮਵਾਰ ਨੂੰ 47ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ, ਉੱਥੇ ਹੀ ਹੁਣ ਤੱਕ 50 ਤੋਂ ਵੱਧ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆ ਚੁੱਕੇ ਹਨ। ਤਿੱਖੀ ਠੰਢ ਤੇ ਸੰਘਣੀ ਧੁੰਦ ਦੇ ਬਾਵਜੂਦ ਕਿਸਾਨ ਕਦਮ ਪਿੱਛੇ ਹਟਾਉਣ ਨੂੰ ਤਿਆਰ ਨਹੀਂ ਹਨ।
ਲੋਹੜੀ ਵਾਲੇ ਦਿਨ ਸਾੜੀਆਂ ਜਾਣਗੀਆਂ 'ਖੇਤੀ ਕਾਨੂੰਨਾਂ' ਦੀਆਂ ਕਾਪੀਆਂ
ਦਿੱਲੀ ਬਾਰਡਰ ’ਤੇ ਅੰਦੋਲਨ ਦੌਰਾਨ ਹੁਣ ਤੱਕ 50 ਤੋਂ ਵੱਧ ਕਿਸਾਨਾਂ ਨੇ ਗੁਆਈਆਂ ਜਾਨਾਂ ਕੇਂਦਰ ਸਰਕਾਰ ਨੇ ਵੀ ਸਪੱਸ਼ਟ ਕੀਤਾ ਹੋਇਆ ਹੈ ਕਿ ਨਵੇਂ ਲਾਗੂ ਹੋਏ ਖੇਤੀ ਕਾਨੂੰਨਾਂ ’ਚ ਸੋਧ ਤਾਂ ਕਰ ਸਕਦੇ ਹਾਂ ਪਰ ਇਨ੍ਹਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਕਿਸਾਨ ਆਗੂਆਂ ਨੇ ਆਉਂਦੀ ਲੋਹੜੀ ਵਾਲੇ (13 ਜਨਵਰੀ) ਦਿਨ ਖੇਤੀ ਕਾਨੂੰਨਾਂ ਦੀਆ ਕਾਪੀਆਂ ਸਾੜ ਕੇ ਰੋਸ ਪ੍ਰਗਟਾਉਣ ਦਾ ਫ਼ੈਸਲਾ ਕੀਤਾ ਹੈ। ਗੌਰਤਲਬ ਹੈ ਕਿ ਬੀਤੇ ਕੱਲ ਹਰਿਆਣਾ ਦੇ ਕਰਨਾਲ ’ਚ ਮੁੱਖ ਮੰਤਰੀ ਖੱਟਰ ਦੀ ਕਿਸਾਨ ਮਹਾਂ ਪੰਚਾਇਤ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲਿਸ ਬਲ ਵੱਲੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਰਜ਼ੀ ਤੌਰ ‘ਤੇ ਬਣਾਇਆ ਹੈਲੀ-ਪੈਡ ਵੀ ਪੁੱਟ ਦਿੱਤਾ, ਜਿਸ ਕਾਰਨ ਮੁੱਖ ਮੰਤਰੀ ਖੱਟਰ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ।
ਠੰਢ ਨਾਲ ਹੋ ਰਹੀਆਂ ਨੇ ਜ਼ਿਆਦਾਤਰ ਮੌਤਾਂ
ਬੀਤੇ ਕੱਲ ਮੁਕਤਸਰ ਸਾਹਿਬ ਦੇ ਪਿੰਡ ਲੁੰਡੇਵਾਲਾ ਦੇ ਕਿਸਾਨ ਜਗਦੀਸ਼ ਸਿੰਘ ਦੀ ਟਿਕਰੀ ਬਾਰਡਰ ’ਤੇ ਮੌਤ ਹੋ ਗਈ। ਉਹ ਪਿਛਲੇ ਕਈ ਦਿਨਾਂ ਤੋਂ ਕਿਸਾਨ ਅੰਦੋਲਨ ’ਚ ਹੀ ਡੱਟੇ ਹੋਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ 61 ਸਾਲਾਂ ਦੇ ਜਗਦੀਸ਼ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਗਦੀਸ਼ ਤੋਂ ਇਲਾਵਾ ਦਿੱਲੀ ਤੋਂ ਪਿੰਡ ਪਰਤ ਰਹੇ ਅਬੁਲ ਖ਼ੁਰਾਣਾ ਦੇ ਹਰਪਿੰਦਰ ਸਿੰਘ ਦੀ ਵੀ ਨਮੂਨੀਏ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਉਹ ਪਿਛਲੇ ਦੋ ਹਫ਼ਤਿਆਂ ਤੋਂ ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਸੀ, ਜਿਸ ਦੌਰਾਨ ਉਸ ਨੂੰ ਠੰਢ ਲੱਗਣ ਕਾਰਨ ਨਮੂਨੀਆ ਹੋ ਗਿਆ। ਪਹਿਲਾਂ ਉਸਨੂੰ ਸਥਾਨਕ ਹਸਪਤਾਲ ਬਠਿੰਡਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਪਰ ਉਸਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਜਿਥੇ ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ।
ਕੇਂਦਰ ਸਰਕਾਰ ਕਰ ਰਹੀ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ
ਦੇਖਿਆ ਜਾਵੇ ਤਾਂ ਹੁਣ ਤੱਕ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਕੁੱਲ ਅੱਠ ਬੈਠਕਾਂ ਹੋ ਚੁੱਕੀਆਂ ਹਨ, ਪਰ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਹੈ। ਹੁਣ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਨਤੀਜਾ ਭਾਵੇਂ ਕੁਝ ਵੀ ਆਏ ਪਰ ਜਿਨ੍ਹਾਂ ਪਰਿਵਾਰਾਂ ਦੇ ਜੀਅ ਇਸ ਕਿਸਾਨ ਅੰਦੋਲਨ ਦੌਰਾਨ ਦੁਨੀਆਂ ਨੂੰ ਅਲਵਿਦਾ ਕਹਿ ਗਏ, ਉਨ੍ਹਾਂ ਪਰਿਵਾਰਾਂ ਦਾ ਘਾਟਾ ਸ਼ਾਇਦ ਹੀ ਪੂਰਾ ਹੋ ਸਕੇ।