ਚੰਡੀਗੜ੍ਹ: ਡੀਜੀਪੀ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਪਠਾਨਕੋਟ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹੋਏ ਹਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕੀਤੀ ਹੈ। ਮੁੱਖ ਮੰਤਰੀ ਨਿੱਜੀ ਤੌਰ ‘ਤੇ ਇਸ ਕੇਸ ਦੀ ਨਿਗਰਾਨੀ ਕਰ ਰਹੇ ਹਨ।
ਇਸ ਬੇਰਹਿਮ ਹਮਲੇ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੀ ਐਸਆਈਟੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਡੀਜੀਪੀ ਨੂੰ ਦੋਸ਼ੀਆਂ ਦੀ ਪਛਾਣ ਕਰ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ।
ਕੈਪਟਨ ਨੇ ਕਿਹਾ ਕਿ ਡੀਸੀ ਅਤੇ ਐਸਐਸਪੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਯਕੀਨੀ ਬਣਾਉਣਗੇ ਕਿ ਦੋਸ਼ੀਆਂ 'ਤੇ ਬਣਦੀ ਕਾਰਵਾਈ ਹੋਵੇ।
ਹਮਲੇ ਦੌਰਾਨ ਕ੍ਰਿਕਟਰ ਦੇ ਫੁੱਫੜ ਅਸ਼ੋਕ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੇ ਬੇਟੇ ਕੌਸ਼ਲ ਨੇ ਸੋਮਵਾਰ ਨੂੰ ਦਮ ਤੋੜ ਦਿੱਤਾ। ਅਸ਼ੋਕ ਕੁਮਾਰ ਦੀ ਪਤਨੀ ਆਸ਼ਾ ਰਾਣੀ ਸਣੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋਏ ਸਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਐਸਆਈਟੀ ਦੇ ਵੇਰਵੇ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਦੀ ਅਗਵਾਈ ਐਸਪੀਐਸ ਪਰਮਾਰ, ਆਈਜੀਪੀ ਬਾਰਡਰ ਰੇਂਜ, ਅੰਮ੍ਰਿਤਸਰ ਕਰ ਰਹੇ ਹਨ ਅਤੇ ਐਸਐਸਪੀ ਪਠਾਨਕੋਟ ਗੁਲਨੀਤ ਸਿੰਘ ਖੁਰਾਣਾ, ਐਸਪੀ ਇਨਵੈਸਟੀਗੇਸ਼ਨ ਪਠਾਨਕੋਟ ਪ੍ਰਭਜੋਤ ਸਿੰਘ ਵਿਰਕ ਅਤੇ ਡੀਐਸਪੀ ਧਾਰ ਕਲਾਂ (ਪਠਾਨਕੋਟ) ਰਵਿੰਦਰ ਸਿੰਘ ਬਤੌਰ ਮੈਂਬਰ ਚੁਣੇ ਗਏ ਹਨ। ਏਡੀਜੀਪੀ ਲਾਅ ਐਂਡ ਆਰਡਰ ਈਸ਼ਵਰ ਸਿੰਘ ਨੂੰ ਹਰ ਰੋਜ਼ ਜਾਂਚ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਹੈ।
ਹਾਲਾਂਕਿ ਮੁੱਢਲੀ ਜਾਂਚ ਤੋਂ ਇਹ ਸੰਕੇਤ ਮਿਲੇ ਹਨ ਕਿ ਹਮਲੇ ਵਿੱਚ ਇੱਕ ਡੀ-ਨੋਟੀਫਾਈਡ ਅਪਰਾਧੀ ਕਬੀਲੇ ਨਾਲ ਸਬੰਧਤ ਅਪਰਾਧੀਆਂ ਦੇ ਸ਼ਾਮਲ ਹੋਣ ਦੇ ਸੰਕੇਤ ਮਿਲੇ ਹਨ, ਜੋ ਅਕਸਰ ਹੀ ਪੰਜਾਬ-ਹਿਮਾਚਲ ਸਰਹੱਦ 'ਤੇ ਸਰਗਰਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਇਸ ਮਾਮਲੇ ਦੀ 24X7 ਜਾਂਚ ਕਰਨ ਲਈ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੀਆਂ ਵਿਸ਼ੇਸ਼ ਟੀਮਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਦੇ ਅਪਰਾਧਾਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਅੰਤਰ-ਰਾਜੀ ਛਾਪੇ ਮਾਰੇ ਜਾ ਰਹੇ ਹਨ ਅਤੇ 35 ਤੋਂ ਵੱਧ ਸ਼ੱਕੀ ਵਿਅਕਤੀ ਨਿਗਰਾਨੀ ਹੇਠ ਹਨ।
ਹਿਮਾਚਲ ਅਤੇ ਉੱਤਰ ਪ੍ਰਦੇਸ਼ ਦੇ ਕੁਝ ਵਿਅਕਤੀਆਂ ਦੀ ਸ਼ੱਕੀਆਂ ਵਜੋਂ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਠਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਸਥਾਨਕ ਪੁਲਿਸ ਦੇ ਸਹਿਯੋਗ ਨਾਲ ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਵਿਖੇ ਵੀ ਛਾਪੇ ਮਾਰੇ ਗਏ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਰੇਸ਼ ਰੈਨਾ ਨੇ ਟਵੀਟ ਕਰ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਰੈਨਾ ਨੇ ਟਵੀਟ ਕਰ ਕਿਹਾ ਸੀ ਕਿ ਉਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਹੈ ਕਿ ਉਸ ਰਾਤ ਉਨ੍ਹਾਂ ਦੀ ਭੂਆ ਘਰ ਕੀ ਹੋਇਆ ਸੀ ਤੇ ਇਹ ਸਭ ਕਿਸ ਨੇ ਕੀਤਾ ਹੈ। ਰੈਨਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਇਹ ਜਾਣ ਸਕਣ ਕਿ ਇੰਨੀ ਸ਼ਰਮਨਾਕ ਹਰਕਤ ਕਿਸ ਨੇ ਅਤੇ ਕਿਉਂ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।