ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ 'ਚ ਸ਼ਾਮਿਲ ਹੋਣ ਨੂੰ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹ ਕੁਝ ਹਾਸਲ ਕਰਨ ਦਾ ਯਤਨ ਕਰਾਰ ਦਿੱਤਾ। ਜੋ ਉਹ ਸਿੱਖ ਕੌਮ ਦੀ ਮਰਜ਼ੀ ਨਾਲ ਹਾਸਲ ਨਹੀਂ ਕਰ ਸਕੀਆਂ। ਇਹ ਸਿੱਖ ਕੌਮ ਦੇ ਖਿਲਾਫ ਇੰਦਰਾ ਗਾਂਧੀ ਵਾਲੇ ਹੱਥਕੰਡੇ ਵਰਤੇ ਜਾਣੇ ਤੇ ਸਰਕਾਰ ਦੀ ਤਾਕਤ ਦੀ ਦੁਰਵਰਤੋਂ ਤੇ ਝੂਠੇ ਕੇਸ ਦਰਜ ਕਰ ਕੇ ਖਾਲਸਾ ਪੰਥ ਦੀ ਧਾਰਮਿਕ ਪ੍ਰਭੂਸੱਤਾ ’ਤੇ ਇਕ ਹੋਰ ਸਿੱਧਾ ਹਮਲਾ ਹੈ। ਸਿੱਖ ਪੰਥ ਨੂੰ ਇਹ ਚੁਣੌਤੀ ਪ੍ਰਵਾਨ ਹੈ ਤੇ ਪੰਥ ਸਿੱਧਾ ਹੋ ਕੇ ਇਸਦਾ ਮੁਕਾਬਲਾ ਕਰੇਗਾ।
ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਹਰਮੀਤ ਸਿੰਘ ਕਾਲਕਾ ਉਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਸਨ। ਕਾਲਕਾ ਸਾਹਿਬ ਤੇ ਹੋਰ ਮੈਂਬਰ ਸਿੱਖ ਰਵਾਇਤਾਂ ’ਤੇ ਡਟੇ ਰਹੇ ਤੇ ਜ਼ਬਰ ਦਾ ਟਕਾਰਾ ਕੀਤਾ ਪਰ ਮੰਦਭਾਗੀ ਗੱਲ ਹੈ ਕਿ ਸਿਰਸਾ ਦਬਾਅ ਹੇਠ ਆ ਕੇ ਸਿੱਖ ਪੰਥ ਤੇ ਇਸਦੀ ਭਾਵਨਾ ਨਾਲ ਗੱਦਾਰੀ ਕੀਤੀ।
ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਕਿ ਖਾਲਸਾ ਪੰਥ ਕਿਸੇ ਇਕ ਵਿਅਕਤੀ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਵਿਅਕਤੀ ਆਉਂਦੇ ਜਾਂਦੇ ਰਹਿੰਦੇ ਹਨ। ਖਾਲਸਾ ਪੰਥ ਹਮੇਸ਼ਾ ਚੜ੍ਹਦੀਕਲਾ ਵਿਚ ਰਿਹਾ ਹੈ ਤੇ ਹਮੇਸ਼ਾ ਰਹੇਗਾ। ਖਾਲਸਾ ਪੰਥ ਇਸਦੀ ਸਿਰਜਣਾ ਵੇਲੇ ਤੋਂ ਹਮਲਿਆਂ ਦਾ ਸ਼ਿਕਾਰ ਹੋਇਆ ਹੈ। ਆਧੁਨਿਕ ਦੌਰ ਵਿਚ ਪਹਿਲਾਂ ਅੰਗਰੇਜ਼ਾਂ ਨੇ ਤੇ ਫਿਰ ਇੰਦਰਾ ਗਾਂਧੀ ਤੇ ਹੋਰ ਕਾਂਗਰਸੀ ਸਰਕਾਰਾਂ ਨੇ ਸਾਜ਼ਿਸ਼ਾਂ ਰਚ ਕੇ ਜ਼ਬਰ ਕਰ ਕੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਢਹਿ ਢੇਰੀ ਕਰਨ ਦਾ ਯਤਨ ਕੀਤਾ ਹੈ।