ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਲਗਾਤਾਰ ਮੂਸੇਵਾਲਾ ਦੇ ਮਾਪਿਆਂ ਵੱਲੋਂ ਇਨਸਾਫ ਦੇ ਲਈ ਲੜਾਈ ਲੜੀ ਜਾ ਰਹੀ ਹੈ। ਪਰ ਹੁਣ ਇਹ ਲੜਾਈ ਸੋਸ਼ਲ ਮੀਡੀਆ ’ਤੇ ਵੀ ਲੜੀ ਜਾਵੇਗੀ। ਦੱਸ ਦਈਏ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਅਕਾਉਂਟ ਬਣਾਇਆ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਟਵੀਟਰ ਅਤੇ ਇੰਸਟਾਗ੍ਰਾਮ ਅਕਾਉਂਟ ਬਣਾਇਆ ਗਿਆ ਹੈ ਜਿਸਦੇ ਫੋਲੋਅਰਸ ਲਗਾਤਾਰ ਵਧ ਰਹੇ ਹਨ। ਆਪਣੇ ਅਕਾਉਂਟ ਉੱਤੇ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਅਕਾਊਂਟ ਨੂੰ ਫੋਲੋ ਕੀਤਾ ਹੈ। ਨਾਲ ਹੀ ਅਕਾਉਂਟ ਦੀ ਤਸਵੀਰ ਬਲਕੌਰ ਸਿੰਘ ਵੱਲੋਂ ਆਪਣੇ ਪੁੱਤ ਮੂਸੇਵਾਲਾ ਦੇ ਨਾਲ ਲਗਾਈ ਗਈ ਹੈ। ਤਸਵੀਰ ਦੇ ਨਾਲ ਹੀ ਜਸਟਿਸ ਫਾਰ ਸਿੱਧੂ ਮੂਸੇਵਾਲਾ (Justice For Sidhu Moose Wala) ਦਾ ਹੈਸ਼ਟੈੱਗ ਵੀ ਬਣਾਇਆ ਗਿਆ ਹੈ। ਜਿਸ ਨੂੰ ਲੋਕਾਂ ਵੱਲੋਂ ਜਿਆਦਾ ਤੋਂ ਜਿਆਦਾ ਲਾਈਕ ਕੀਤਾ ਜਾ ਰਿਹਾ ਹੈ।
ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਪ੍ਰਸ਼ਾਸਨ ਨੂੰ ਚਿਤਾਵਨੀ: ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਸੀ ਕਿ ਅਗਲੇ ਐਤਵਾਰ ਤੱਕ ਉਹ ਸਰਕਾਰ ਵੱਲ ਦੇਖਣਗੇ ਜੇਕਰ ਸਿੱਧੂ ਨੂੰ ਇਨਸਾਫ਼ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਉਹ ਹਰ ਪਿੰਡ ਦੇ ਵਿਚ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਕੈਂਡਲ ਮਾਰਚ ਕੱਢੇ ਜਾਣਗੇ।
'ਸੰਘਰਸ਼ ਸਾਨੂੰ ਕਰਨਾ ਹੋਵੇਗਾ':ਦੂਜੇ ਪਾਸੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਨੇ 90 ਦਿਨ ਦਾ ਸਮਾਂ ਦਿੱਤਾ ਸੀ ਜੋ ਕਿ ਬੀਤ ਚੁੱਕਿਆ ਹੈ ਅਤੇ ਅਜੇ ਤੱਕ ਸਰਕਾਰ ਸਿੱਧੂ ਮੂਸੇ ਵਾਲਾ ਦੇ ਅਸਲ ਕਾਤਲਾਂ ਨੂੰ ਸਾਹਮਣੇ ਨਹੀਂ ਲਿਆ ਸਕੀ। ਹੁਣ ਸੰਘਰਸ਼ ਸਾਨੂੰ ਕਰਨਾ ਹੋਵੇਗਾ।
ਝੂਠੀਆਂ ਖਬਰਾਂ ’ਤੇ ਕਈ ਵਾਰ ਇਤਰਾਜ਼ ਚੁੱਕਿਆ ਹੈ ਪਰਿਵਾਰ: ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ’ਤੇ ਅਫਵਾਹਾਂ ਜਾਂ ਫਿਰ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਲੈ ਕੇ ਕਈ ਵਾਰ ਮੁਸੇਵਾਲਾ ਦੇ ਪਿਤਾ ਅਪੀਲ ਕਰ ਚੁੱਕੇ ਹਨ ਇਸਦੇ ਬਾਵਜੁਦ ਵੀ ਅਜਿਹੀਆਂ ਚੀਜ਼ਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੁਝ ਸਮਾਂ ਪਹਿਲਾਂ ਹੀ ਮੂਸੇਵਾਲਾ ਦੇ ਦੋਸਤਾਂ ਨੂੰ ਸ਼ੱਕ ਦੇ ਘੇਰੇ ਵਿੱਚ ਲੈਣ ’ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਨਾਲ ਮੌਜੂਦ ਦੋ ਨੌਜਵਾਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਨੂੰ ਉਨ੍ਹਾਂ ਨੌਜਵਾਨਾਂ ’ਤੇ ਕੋਈ ਸ਼ੱਕ ਨਹੀਂ ਹੈ ਜਿਸ ਕਾਰਨ ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਨਾ ਉਡਾਈਆਂ ਜਾਣ। ਇਸ ਅਕਾਉਂਟ ਨਾਲ ਉਹ ਹਰ ਇੱਕ ਅਫਵਾਹ ਦਾ ਜਵਾਬ ਦੇ ਸਕਣਗੇ।
29 ਮਈ ਨੂੰ ਮੂਸੇਵਾਲਾ ਦਾ ਕਤਲ:ਜ਼ਿਕਰਯੋਗ ਹੈ ਕਿ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਵਿਚ ਸਿੱਧੂ ਮੂਸੇ ਵਾਲਾ ਜਦੋਂ ਆਪਣੀ ਥਾਰ ਗੱਡੀ ਦੇ ਵਿੱਚ ਦੋ ਦੋਸਤਾਂ ਦੇ ਨਾਲ ਜਾ ਰਿਹਾ ਸੀ ਤਾਂ ਉਸਦਾ ਪਿੱਛਾ ਕਰਦੀ ਆ ਰਹੀ ਬਲੈਰੋ ਅਤੇ ਕੋਰੋਲਾ ਗੱਡੀ ਨੇ ਘੇਰ ਕੇ 5:15 ਵਜੇ ਦੇ ਸਿੱਧੂ ਮੂਸੇ ਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਪਰਿਵਾਰ ਅਤੇ ਸਿੱਧੂ ਮੂਸੇ ਵਾਲੇ ਦੇ ਪ੍ਰਸੰਸਕਾਂ ਵੱਲੋਂ ਅੱਜ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮਾਤਾ-ਪਿਤਾ ਦਾ ਦਰਦ ਘੱਟ ਨਹੀਂ ਰਿਹਾ ਅਤੇ ਅੱਜ ਸਟੇਟਸ ਉੱਪਰ ਵੀ ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ 29 ਤਰੀਕ ਦਾ ਜਿਕਰ ਕੀਤਾ ਗਿਆ ਹੈ।
ਇਹ ਵੀ ਪੜੋ:ਥਾਣੇ ਦੀ ਕੰਧ ਕੋਲ ਮਿਲੀ ਬੰਬਨੁਮਾ ਚੀਜ਼, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ