ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਧਾਨ ਸਿਮਰਨਜੀਤ ਮਾਨ ਵੱਲੋਂ ਸਹੁੰ ਚੁੱਕੀ ਗਈ ਹੈ। ਦੱਸ ਦਈਏ ਕਿ ਉਹ ਲੋਕਸਭਾ ਹਲਕਾ ਸੰਗਰੂਰ ਤੋਂ ਮੈਂਬਰ ਚੁਣੇ ਗਏ ਹਨ।
ਇਸ ਉਮੀਦਵਾਰ ਨੂੰ ਪਈਆਂ ਸੀ ਇੰਨੀਆਂ ਵੋਟਾਂ: ਸਿਮਰਨਜੀਤ ਸਿੰਘ ਮਾਨ ਨੂੰ 253154 ਵੋਟਾਂ, ਆਪ ਦੇ ਗੁਰਮੇਲ ਸਿੰਘ ਦੂਜੇ ਨੰਬਰ 'ਤੇ ਰਹੇ, ਜਿਨ੍ਹਾਂ ਨੂੰ 2,47, 332, ਵੋਟਾਂ ਜਦਕਿ ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ ਨੂੰ 79,668 ਵੋਟਾਂ, ਚੌਥੇ ਨੰਬਰ 'ਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 66, 298 ਵੋਟਾਂ ਅਤੇ ਪੰਜਵੇਂ ਸਥਾਨ 'ਤੇ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਨੂੰ 44, 428 ਵੋਟਾਂ ਪਈਆਂ ਸੀ।
23 ਸਾਲ ਬਾਅਦ ਸਾਂਸਦ ਬਣੇ ਸਿਮਰਨਜੀਤ ਸਿੰਘ ਮਾਨ: ਦੱਸ ਦਈਏ ਕਿ 77 ਸਾਲਾ ਸਿਮਰਨਜੀਤ ਸਿੰਘ ਮਾਨ 23 ਸਾਲ ਬਾਅਦ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫਾ ਦੇਣ ਤੋਂ ਬਾਅਦ ਸੰਗਰੂਰ ਸੀਟ ਖਾਲੀ ਹੋਈ ਸੀ ਤੇ ਹੁਣ ਸਿਮਰਨਜੀਤ ਸਿੰਘ ਮਾਨ ਜਿੱਤ ਦਰਜ ਕਰ ਸੰਗਰੂਰ ਦੇ ਨਵੇਂ ਸਾਂਸਦ ਬਣ ਗਏ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 7ਵੀਂ ਵਾਰ ਸੰਗਰੂਰ ਲੋਕ ਸਭ ਹਲਕੇ ਦੇ ਚੋਣ ਲੜੇ ਹਨ ਤੇ ਜਿੱਤ ਗਏ ਹਨ।
ਜੇਲ੍ਹ ਤੋਂ ਲੜੀ ਸੀ ਚੋਣ:ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਨੇ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਲ੍ਹ ਤੋਂ ਚੋਣ ਲੜੀ ਸੀ। ਸਿਮਰਨਜੀਤ ਸਿੰਘ ਮਾਨ ਪੰਜ ਸਾਲ ਭਾਗਲਪੁਰ ਜੇਲ੍ਹ ਵਿੱਚ ਨਜ਼ਰਬੰਦ ਰਹੇ ਜਿਹਨਾਂ ਨੇ ਸਾਲ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਕਾਂਗਰਸੀ ਪ੍ਰਧਾਨ ਅਜੀਤ ਸਿੰਘ ਮਾਨ ਖ਼ਿਲਾਫ਼ ਤਰਨਤਾਰਨ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਇਸ ਮੌਕੇ ਮਾਨ ਨੇ 5,27,707 ਵੋਟਾਂ ਲੈ ਕੇ ਰਿਕਾਰਡ ਜਿੱਤ ਦਰਜ ਕੀਤੀ ਸੀ। ਸਿਮਰਨਜੀਤ ਸਿੰਘ ਮਾਨ ਨੂੰ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
1967 ਵਿੱਚ ਭਾਰਤੀ ਪੁਲਿਸ ਸੇਵਾ ਲਈ ਚੁਣੇ ਗਏ ਸਿਮਰਨਜੀਤ ਸਿੰਘ ਮਾਨ:ਸਿਆਸਤਦਾਨਾਂ ਤੋਂਵੱਖਰੀ ਸੋਚ ਰੱਖਣ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 1966 ਵਿੱਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਅਤੇ ਉਸ ਤੋਂ ਬਾਅਦ 1967 ਵਿੱਚ ਉਹ ਭਾਰਤੀ ਪੁਲਿਸ ਸੇਵਾ (ਆਈਪੀਐਸ) ਲਈ ਚੁਣੇ ਗਏ ਤੇ ਇਸ ਮੌਕੇ ਮਾਨ ਨੂੰ ਪੰਜਾਬ ਕੇਡਰ ਮਿਲਿਆ ਸੀ। ਉਸ ਸਮੇਂ ਦੌਰਾਨ ਮਾਨ ਲੁਧਿਆਣਾ ਵਿੱਚ ਏ.ਐਸ.ਪੀ., ਫਿਰੋਜ਼ਪੁਰ ਅਤੇ ਫਰੀਦਕੋਟ ਵਿੱਚ ਐਸ.ਐਸ.ਪੀ. ਤੇ ਮੁੰਬਈ ਵਿੱਚ ਸੀਆਈਐਸਐਫ ਦੇ ਗਰੁੱਪ ਕਮਾਂਡੈਂਟ ਰਹੇ ਸਨ।
ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਤੋਂ ਬਾਅਦ ਦਿੱਤਾ ਅਸਤੀਫਾ:ਦੱਸ ਦਈਏ ਕਿ 18 ਜੂਨ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਤੇ ਸਾਕਾ ਨੀਲਾ ਤਾਰਾ ਦੌਰਾਨ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਮਾਨ ਖਿਲਾਫ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਕਰਨ ਵਿੱਚ ਸ਼ਾਮਲ ਹੋਣ ’ਤੇ ਕਈ ਮਾਮਲੇ ਦਰਜ ਕੀਤੇ ਗਏ, ਜਿਹਨਾਂ ਵਿੱਚ ਦੇਸ਼ਧ੍ਰੋਹ ਦਾ ਮਾਮਲਾ ਵੀ ਦਰਜ ਸੀ।
ਇਹ ਵੀ ਪੜੋ:ਬਲਟਾਣਾ ਐਨਕਾਉਂਟਰ ਮਾਮਲਾ: ਤਿੰਨ ਗੈਂਗਸਟਰ ਹਥਿਆਰ ਸਣੇ ਕਾਬੂ, ਜਾਂਚ ਚ ਜੁੱਟੀ ਪੁਲਿਸ