ਚੰਡੀਗੜ੍ਹ: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦੇ ਨਵਜੋਤ ਸਿੱਧੂ ਬਾਰੇ ਬਿਆਨ 'ਤੇ ਕਿਹਾ ਕਿ ਇਸ 'ਚ ਕੋਈ ਨਵੀਂ ਗੱਲ ਨਹੀਂ ਹੈ, ਸਿੱਧੂ ਪਹਿਲਾਂ ਹੀ ਬਾਜਵਾ ਨੂੰ ਗਲੇ ਲਗਾ ਚੁੱਕੇ ਹਨ ਅਤੇ ਇਮਰਾਨ ਖਾਨ ਬਾਰੇ ਬਿਆਨ ਦੇ ਚੁੱਕੇ ਹਨ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਪਾਕਿਸਤਾਨ ਦੋਸਤੀ ਕਿਸੇ ਤੋਂ ਲੁਕੀ ਨਹੀਂ ਹੈ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹ ਸਿੱਧੂ ਨੂੰ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਜਦੋਂ ਸਿੱਧੂ ਦਾ ਵੱਡਾ ਭਰਾ ਇਮਰਾਨ ਖਾਨ ਤਾਲਿਬਾਨ ਨਾਲ (Imran with Taliban) ਮਿਲ ਕੇ ਅਫਗਾਨਿਸਤਾਨ 'ਤੇ ਕਬਜ਼ਾ (Afghan occupied) ਕਰਦਾ ਹੈ ਤਾਂ ਹਿੰਦੂਆਂ ਅਤੇ ਸਿੱਖਾਂ ਨੂੰ ਉੱਥੋਂ ਭੱਜ ਕੇ ਭਾਰਤ 'ਚ ਸ਼ਰਨ ਲੈਣੀ ਪੈਂਦੀ ਹੈ, ਉਨ੍ਹਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਮਰਾਨ ਖਾਨ ਲਗਾਤਾਰ ਜੇਹਾਦੀਆਂ (Jehadis)ਨੂੰ ਕਸ਼ਮੀਰ ਭੇਜ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਬੱਚਿਆਂ ਸਮੇਤ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਆਪਣੇ ਵੱਡੇ ਭਰਾ ਯਾਨੀ ਇਮਰਾਨ ਖਾਨ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਅੱਤਵਾਦੀ ਘਟਨਾਵਾਂ ਨੂੰ ਪ੍ਰਫੁੱਲਤ ਨਾ ਕਰਨ।
ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਵੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸੁਭਾਸ਼ ਸ਼ਰਮਾ ਨੇ ਨਵਜੋਤ ਸਿੱਧੂ ਨੂੰ ਨਸ਼ਿਆਂ ਦੇ ਮੁੱਦੇ ’ਤੇ ਵੀ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਸਿੱਧੂ ਨਸ਼ਿਆਂ ਦਾ ਮੁੱਦਾ ਉਠਾਉਂਦਾ ਹੈ ਪਰ ਉਸ ਦਾ ਭਰਾ ਇਮਰਾਨ ਖਾਨ ਵੀ ISI ਰਾਹੀਂ ਸੂਬੇ 'ਚ ਨਸ਼ੇ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇਮਰਾਨ ਖਾਨ ਨੂੰ ਭਾਰਤ ਵੱਲ ਨਸ਼ਾ ਭੇਜਣ ਤੋਂ ਰੋਕਣਾ ਚਾਹੀਦਾ ਹੈ। ਸੁਭਾਸ਼ ਸ਼ਰਮਾ ਨੇ ਸਿੱਧੂ ਨੂੰ ਕਿਹਾ ਕਿ ਸੂਬੇ ਅਤੇ ਦੇਸ਼ ਦੇ ਲੋਕ ਉਨ੍ਹਾਂ ਵੱਲ ਤੱਕ ਰਹੇ ਹਨ।
ਜਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਇਮਰਾਨ ਖਾਨ ਨੂੰ ਵੱਡਾ ਭਰਾ ਕਹਿ ਕੇ ਸੰਬੋਧਨ ਕੀਤਾ ਸੀ। ਇਸ ਤੋਂ ਬਾਅਦ ਨਾ ਸਿਰਫ ਭਾਜਪਾ, ਸਗੋਂ ਸਿੱਧੂ ਦੀ ਆਪਣੀ ਪਾਰਟੀ ਕਾਂਗਰਸ ਦੇ ਆਗੂ ਵੀ ਇਸ ’ਤੇ ਸਿੱਧੂ ਵਿਰੋਧੀ ਬਿਆਨ ਦੇ ਰਹੇ ਹਨ। ਭਾਜਪਾ ਨੇ ਇਮਰਾਨ ਖਾਨ ਨੂੰ ਭਰਾ ਕਹਿਣ ’ਤੇ ਜਿੱਥੇ ਪਹਿਲਾਂ ਜਨਰਲ ਬਾਜਵਾ ਨਾਲ ਜੱਫੀ ਪਾਉਣ ਦਾ ਜਿਕਰ ਕੀਤਾ, ਉਥੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਇਮਰਾਨ ਖਾਨ ਭਾਵੇਂ ਨਵਜੋਤ ਸਿੱਧੂ ਦਾ ਵੱਡਾ ਭਰਾ ਹੋਵੇ ਪਰ ਇਹ ਨਹੀਂ ਭੁੱਲਿਆ ਜਾ ਸਕਦਾ ਕਿ ਇਮਰਾਨ ਖਾਨ ਭਾਰਤ ਵਿੱਚ ਨਸ਼ੇ ਤੇ ਹਥਿਆਰ ਭੇਜ ਰਿਹਾ ਹੈ ਤੇ ਕਸ਼ਮੀਰ ਵਿੱਚ ਅੱਤਵਾਦ ਨੂੰ ਸਰਗਰਮ ਕਰ ਰਿਹਾ ਹੈ, ਜਿਸ ਨਾਲ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ।
ਇਹ ਵੀ ਪੜ੍ਹੋ:ਝਾਰਖੰਡ ‘ਚ ਨਕਸਲੀਆਂ ਨੇ ਉਡਾਇਆ ਰੇਲਵੇ ਟਰੈਕ, ਕਈ ਟ੍ਰੇਨਾਂ ਰੱਦ