ਚੰਡੀਗੜ੍ਹ: ਸਿੱਧੂ ਨੇ ਟਵੀਟਰ ‘ਤੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੇ ਲੋਕ ਖਾਸਕਰ ਨਸ਼ਿਆਂ ਕਾਰਨ ਮੌਤ ਦੇ ਮੂੰਹ ‘ਚ ਗਏ ਨੌਜਵਾਨਾਂ ਦੀਆਂ ਮਾਵਾਂ ਹਾਈਕੋਰਟ ਵਿੱਚ ਪਈ ਡਰੱਗਜ਼ ਰਿਪੋਰਟ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਐਸਟੀਐਫ ਦੀ ਰਿਪੋਰਟ ਵਿੱਚ ਮਜੀਠੀਆ ਸਬੰਧੀ ਤੱਥ ਹਨ।
ਕੈਪਟਨ ਨੂੰ ਘੇਰਨ ਦਾ ਮਿਲਿਆ ਬਹਾਨਾ
ਇਸ ਦੇ ਨਾਲ ਹੀ ਸਿੱਧੂ ਨੇ ਅਕਾਲੀ ਸਰਕਾਰ ਦੇ ਨਾਲ-ਨਾਲ ਕੈਪਟਨ ਨੂੰ ਵੀ ਘੇਰਾ ਪਾਇਆ ਹੈ। ਉਨ੍ਹਾਂ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਸਰਕਾਰਾਂ ਨੇ ਹਾਈਕੋਰਟ ਦੇ ਹੁਕਮ ਦੇ ਬਾਵਜੂਦ ਵੀ ਵਿਦੇਸ਼ਾਂ ਵਿੱਚ ਬੈਠੇ 13 ਡਰੱਗਜ਼ ਤਸਕਰਾਂ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ ਨਹੀਂ ਕੀਤੀ। ਸਿੱਧੂ ਨੇ ਕਿਹਾ ਕਿ ਇਨ੍ਹਾਂ ਤਸਕਰਾਂ ਨੂੰ ਵਿਦੇਸ਼ਾਂ ‘ਚੋਂ ਇਸ ਕਰਕੇ ਨਹੀਂ ਲਿਆਂਦਾ ਜਾ ਰਿਹਾ ਤਾਂ ਜੋ ਉਹ ਕਿਤੇ ਡਰੱਗ ਤਸਕਰਾਂ ਤੇ ਰਾਜਨੇਤਾਵਾਂ ਦੀ ਮਿਲੀਭੁਗਤ ਨੂੰ ਬੇਨਕਾਬ ਨਾ ਕਰ ਦੇਣ।
ਤਸਕਰਾਂ ਨੂੰ ਗੱਡੀਆਂ ਮੁਹੱਈਆ ਕਰਵਾਈਆਂ
ਸਿੱਧੂ ਨੇ ਦੋਸ਼ ਲਗਾਇਆ ਹੈ ਕਿ ਡਰੱਗ ਤਸਕਰਾਂ ਨੂੰ ਮਜੀਠੀਆ ਨੇ ਨਾ ਸਿਰਫ ਵਾਹਨ ਮੁਹੱਈਆ ਕਰਵਾਏ, ਸਗੋਂ ਉਨ੍ਹਾਂ ਨੂੰ ਆਪਣੇ ਨਾਲ ਵੀ ਰੱਖਿਆ। ਸਿੱਧੂ ਨੇ ਦੋਸ਼ ਲਗਾਇਆ ਕਿ ਅੰਮ੍ਰਿਤਸਰ ਦੇ ਕਾਰੋਬਾਰੀ ਜਗਜੀਤ ਸਿੰਘ ਚਹਿਲ, ਜਗਦੀਸ਼ ਭੋਲਾ, ਬਿੱਟੂ ਔਲਖ ਦੇ ਬਿਆਨ ਇਸ ਕੇਸ ਵਿੱਚ ਮਜੀਠੀਆ ਬਾਰੇ ਕਾਫੀ ਅਹਿਮ ਹਨ।
ਬੁੱਧਵਾਰ ਨੂੰ ਹੋਣੀ ਹੈ ਸੁਣਵਾਈ
ਜਿਕਰਯੋਗ ਹੈ ਕਿ ਬੁੱਧਵਾਰ ਨੂੰ ਹਾਈਕੋਰਟ ਵਿੱਚ ਡਰੱਗਜ਼ ਕੇਸ ਦੀ ਸੁਣਵਾਈ ਹੋਣੀ ਹੈ। ਪਿਛਲੀ ਸੁਣਵਾਈ ‘ਤੇ ਰਿਪੋਰਟਾਂ ਖੁੱਲ੍ਹਣੀਆਂ ਸੀ ਪਰ ਜੱਜ ਦੇ ਛੁੱਟੀ ‘ਤੇ ਹੋਣ ਕਾਰਨ ਸੁਣਵਾਈ ਦੋ ਸਤੰਬਰ ‘ਤੇ ਪਾ ਦਿੱਤੀ ਗਈ ਸੀ ਤੇ ਹੁਣ ਬੁੱਧਵਾਰ ਨੂੰ ਰਿਪੋਰਟਾਂ ਜੱਜਾਂ ਵੱਲੋਂ ਵੇਖੇ ਜਾਣ ਦੀ ਉਮੀਦ ਹੈ। ਪਿਛਲੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਵੀ ਨਵਜੋਤ ਸਿੱਧੂ ਨੇ ਅਜਿਹਾ ਹੀ ਬਿਆਨ ਦੇ ਕੇ ਕਿਹਾ ਸੀ ਕਿ ਹੁਣ ਡਰੱਗਜ਼ ਧੰਦੇ ਦੇ ਮੁੱਖ ਦੋਸ਼ੀਆਂ ਨੂੰ ਸਜਾ ਮਿਲਣ ਦੀ ਉਮੀਦ ਬੱਝੀ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਛੇ ਹਜਾਰ ਕਰੋੜ ਰੁਪਏ ਦਾ ਡਰੱਗਜ਼ ਧੰਦਾ ਹੋਇਆ ਸੀ ਤੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡੀਐਸਪੀ ਪਹਿਲਵਾਨ ਜਗਦੀਸ਼ ਭੋਲਾ ਨੂੰ ਗਿਰਫਤਾਰ ਕੀਤਾ ਗਿਆ ਸੀ। ਉਸ ਨੇ ਜਾਂਚ ਏਜੰਸੀ ਵੱਲੋਂ ਪੇਸ਼ੀ ਦੌਰਾਨ ਮਜੀਠੀਆ ਦੇ ਡਰੱਗਜ਼ ਤਸਕਰਾਂ ਨੂੰ ਸ਼ਹਿ ਦੇਣ ਦੇ ਦੋਸ਼ ਵੀ ਲਗਾਏ ਸੀ ਤੇ ਈਡੀ ਦੀ ਜਾਂਚ ਦੇ ਅਧਾਰ ‘ਤੇ ਐਸਟੀਐਫ ਅਤੇ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ‘ਤੇ ਜਾਂਚ ਕੀਤੀ ਸੀ ਤੇ ਇਹ ਰਿਪੋਰਟ ਹਾਈਕੋਰਟ ਵਿੱਚ ਸੀਲਬੰਦ ਲਿਫਾਫੇ ਵਿੱਚ ਪਈ ਹੈ।
ਬੁੱਧਵਾਰ ਨੂੰ ਖੁੱਲ੍ਹਣਗੀਆਂ ਰਿਪੋਰਟਾਂ
ਇਹ ਰਿਪੋਰਟਾਂ ਜੱਜਾਂ ਨੇ ਮੰਗਵਾਈਆਂ ਹੋਈਆਂ ਹਨ ਤੇ ਦੋ ਸਤੰਬਰ ਯਾਨੀ ਭਲਕੇ ਬੁੱਧਵਾਰ ਨੂੰ ਖੁੱਲ੍ਹਣ ਦੀ ਉਮੀਦ ਹੈ। ਇਹ ਰਿਪੋਰਟਾਂ ਜਨਤਕ ਵੀ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਕਲੇਸ਼: ਹਰੀਸ਼ ਰਾਵਤ ਅੱਜ ਪੁੱਜਣਗੇ ਚੰਡੀਗੜ੍ਹ