ਚੰਡੀਗੜ੍ਹ: ਖ਼ਬਰਾਂ ਇਹ ਮਿਲ ਰਹੀਆਂ ਹਨ ਕਿ ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਨਵਜੋਤ ਸਿੰਘ ਸਿੱਧੂ ਨੂੰ ਕੁਰਸੀ ਮਿਲਣ ਤੋਂ ਬਾਅਦ ਖ਼ਤਮ ਹੋ ਗਿਆ ਹੈ, ਪਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਸਿੱਧੂ ਤੇ ਕੈਪਟਨ ਦੀ ਨਾਰਾਜ਼ਗੀ ਸਾਫ਼ ਦਿਖਾਈ ਦਿੱਤੀ।
ਇਹ ਵੀ ਪੜੋ: ਕਿਵੇਂ ਹੋਈ ਕੈਪਟਨ-ਸਿੱਧੂ ਦੀ ਪਹਿਲੀ ਮੁਲਾਕਾਤ, ਫਰੇਮ ਦਰ ਫਰੇਮ
ਕੈਪਟਨ ਦੀ ਜ਼ਿੱਦ
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਣ ਤੋਂ ਮਗਰੋਂ ਅੱਜ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸੀ, ਪਹਿਲਾਂ ਤਾਂ ਇਹ ਖ਼ਬਰਾਂ ਮਿਲ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਜਿੱਦ ’ਤੇ ਅੜੇ ਹੋਏ ਹਨ ਕਿ ਸਿੱਧੂ ਪਹਿਲਾਂ ਪਿਛਲੇ ਟਵੀਟਾਂ ਦੀ ਮੁਆਫੀ ਮੰਗਣ ਤਾਂ ਹੀ ਉਹ ਸਿੱਧੂ ਨਾਲ ਮੁਲਾਕਾਤ ਕਰਨਗੇ।
ਭਰੀ ਸਟੇਜ ’ਤੇ ਸਿੱਧੂ ਨੇ ਕੈਪਟਨ ਨੂੰ ਕੀਤਾ ਅੱਖੋਂ ਪਰੋਖੇ ਮੰਤਰੀ ਤੇ ਵਿਧਾਇਕ ਪਹੁੰਚੇ ਕੈਪਟਨ ਨੂੰ ਮਨਾਉਣ
ਬੀਤੇ ਦਿਨ ਕੁਝ ਵਿਧਾਇਕ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਲਈ ਪਹੁੰਚੇ ਸਨ ਜਿਸ ਮਗਰੋਂ ਕੈਪਟਨ ਨੇ ਇਹ ਸੱਦਾ ਸਵੀਕਾਰ ਕਰ ਲਿਆ ਸੀ ਤੇ ਉਹ ਤਾਜਪੋਸ਼ੀ ’ਤੇ ਪਹੁੰਚ ਗਏ।
ਸਿੱਧੂ ਨੇ ਸਟੇਜ ’ਤੇ ਕੈਪਟਨ ਨੂੰ ਕੀਤਾ ਨਜ਼ਰਅੰਦਾਜ਼
ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਜਦੋਂ ਉਹਨਾਂ ਨੂੰ ਭਾਸ਼ਣ ਦੇ ਲਈ ਸੱਦਾ ਦਿੱਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੁਰਸੀ ਲਗਾ ਬੈਠੇ ਹੋਏ ਹਨ। ਜਦੋਂ ਉਹ ਭਾਸ਼ਣ ਦੇਣ ਲਈ ਭਾਸ਼ਣ ਸਟੈਂਡ ਵੱਲ ਵਧੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਉੱਠਦੇ ਹੀ ਆਪਣੇ ਪੁਰਾਣੇ ਅੰਦਾਜ਼ ਨਾਲ ਸ਼ੁਰੂਆਤ ਕੀਤੀ ਜਾਣੀ ਸ਼ੌਰਟ ਮਾਰਿਆ।
ਉਸ ਤੋਂ ਮਗਰੋਂ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਿੱਧਾ ਜਾ ਬੀਬੀ ਭੱਠਲ ਦੇ ਪੈਰੀਂ ਹੱਥ ਲਾਏ। ਉਸ ਤੋਂ ਮਗਰੋਂ ਲਾਲ ਸਿੰਘ ਤੇ ਇੱਕ ਹੋਰ ਆਗੂ ਦਾ ਆਸ਼ੀਰਵਾਦ ਲਿਆ ਤੇ ਸਿੱਧਾ ਜਾ ਭਾਸ਼ਣ ਸ਼ੁਰੂ ਕਰ ਦਿੱਤਾ। ਸੋ ਦੇਖਿਆ ਜਾ ਸਕਦਾ ਹੈ ਕਿ ਨਾਲ ਦੀ ਕੁਰਸੀ ’ਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਨਜ਼ਰਅੰਦਾਜ਼ ਕੀਤਾ ਹੈ।
ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਹਾਈਕਮਾਨ ਨੇ ਪੰਜਾਬ ਕਾਂਗਰਸ ਵਿਚਾਲੇ ਜਿਸ ਕਲੇਸ਼ ਨੂੰ ਹੱਲ ਕੀਤਾ ਹੈ ਉਹ ਅਜੇ ਵੀ ਬਰਕਰਾਰ ਹੈ। ਜਿੱਥੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਤੋਂ ਨਾ-ਖੁਸ਼ ਹਨ ਉਥੇ ਹੀ ਇਹ ਵੀ ਜਾਪ ਰਿਹਾ ਹੈ ਕਿ ਸਿੱਧੂ ਅਜੇ ਵੀ ਕੈਪਟਨ ਤੋਂ ਨਾਰਾਜ਼ ਹੀ ਹਨ, ਹੁਣ ਦੇਖਣਾ ਹੋਵੇਗਾ ਕਿ 2022 ਵਿੱਚ ਪੰਜਾਬ ਕਾਂਗਰਸ ਇੱਕ ਜੁੱਟ ਹੋ ਚੋਣਾਂ ਲੜ ਸਕੇਗੀ ਜਾਂ ਫਿਰ ਇਹ ਨਾਰਾਜ਼ਗੀ ਬਰਕਰਾਰ ਰਹੇਗੀ।
ਇਹ ਵੀ ਪੜੋ: ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਤੇ ਜਾਖੜ ਦੀ ਤਾਰੀਫ਼