ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਆਪਸੀ ਖਾਨਾਜੰਗੀ ਘਟਣ ਦਾ ਨਾਮ ਨਹੀਂ ਲੈ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਚੰਨੀ ਸਰਕਾਰ ਤੇ ਸਵਾਲ ਖੜ੍ਹੇ ਕਰਦੇ ਆ ਰਹੇ ਹਨ। ਹੁਣ ਇੱਕ ਵਾਰ ਫੇਰ ਉਹ ਚੰਨੀ ਸਰਕਾਰ ਦੀ ਕਾਰਗੁਜਾਰੀ ਉੱਪਰ ਹੀ ਸਵਾਲ ਖੜ੍ਹੇ ਕਰਦੇ ਵਿਖਾਈ ਦੇ ਰਹੇ ਹਨ।
ਐਲਾਨਾਂ ਨੂੰ ਦੱਸਿਆ ਲੌਲੀਪੋਪ
ਸਿੱਧੂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਲੌਲੀਪੋਪ ਦੱਸਿਆ ਹੈ। ਨਾਲ ਹੀ ਉਨ੍ਹਾਂ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਐਲਾਨ ਕਰਨ ਨਾਲ ਕੁਝ ਨਹੀਂ ਹੋਵੇਗਾ ਅਸਲ ਕੰਮ ਕਰਨਾ ਪਵੇਗਾ। ਸਿੱਧੂ ਨੇ ਕਿਹਾ ਕਿ ਜੇ ਕੁਝ ਦੇਣਾ ਚਾਹੁੰਦੇ ਹੋ ਤਾਂ ਉਨ੍ਹਾਂ ਮੁਲਾਜ਼ਮਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਦਿੱਤਾ ਜਾਵੇ ਜੋ ਧਰਨਿਆਂ ਉੱਪਰ ਬੈਠੇ ਹਨ ਅਤੇ ਉਹ ਵੀ ਉਸ ਸਮੇਂ ਜਦੋਂ ਸਰਕਾਰ ਦਾ ਖਜਾਨਾ ਭਰਿਆ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਜਾਨਾ ਭਰਿਆ ਹੋਇਆ ਹੈ।
ਸਰਕਾਰ ਦੇ ਤੋਹਫਿਆਂ ‘ਤੇ ਸਵਾਲ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਦਰਪੇਸ਼ ਮਸਲਿਆਂ ਨੂੰ ਲੈਕੇ ਵੀ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਲੀਆਂ, ਮੁਹੱਲਿਆਂ ਵਿੱਚ ਜਾ ਕੇ ਦੱਸਿਆ ਜਾਵੇ ਕਿ ਪੰਜਾਬ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਸਰਕਾਰ ਵੱਲੋਂ ਦੀਵਾਲੀ ਨੂੰ ਲੈਕੇ ਲੋਕਾਂ ਨੂੰ ਦਿੱਤੇ ਜਾ ਰਹੇ ਤੋਹਫਿਆਂ ‘ਤੇ ਵੀ ਤੰਜ ਕਸਿਆ ਹੈੈ। ਸਿੱਧੂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਝੂਠ, ਫਰੇਬ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਵਰਕਰ ਇਹ ਜਾਨਣਾ ਚਾਹੁੰਦੇ ਹਨ ਜੋ ਸੂਬੇ ਦੇ ਮੁੱਖ ਮਸਲੇ ਹਨ ਉਨ੍ਹਾਂ ਮਸਲਿਆਂ ਦੇ ਵਿੱਚੋਂ ਪੰਜਾਬ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਜੋ ਪੰਜਾਬ ਦੇ ਮਸਲੇ ਹਨ ਉਨ੍ਹਾਂ ਵਿੱਚੋਂ ਬਾਹਰ ਕੱਢਣ ਦੇ ਰੋਡ ਮੈਪ ਕੀ ਹੈ।