ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਆਏ ਦਿਨ ਵੱਡੇ ਵੱਡੇ ਖੁਲਾਸੇ ਹੋ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੂਸੇਵਾਲਾ ਦੇ ਕਤਲ ਦੀ ਤਿਆਰੀ ਪੰਜਾਬ ਵਿਧਾਨਸਭਾ ਚੋਣਾਂ ਚ ਹੀ ਕੀਤੀ ਜਾ ਰਹੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਵਿਧਾਨਸਭਾ ਚੋਣਾਂ ਚ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਜਾ ਰਹੀ ਸੀ। ਉਸ ਸਮੇਂ ਮਾਨਸਾ ਚ ਚਾਰ ਲੋਕ ਪਿੰਡ ਰੱਲਾ ਵਿਖੇ ਰੁਕੇ ਸੀ।
'ਚੋਣਾਂ ਦੌਰਾਨ ਹੀ ਮੂਸੇਵਾਲੇ ਦੇ ਕਤਲ ਦੀ ਯੋਜਨਾ':ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਰੁਕਣ ਦੇ ਲਈ ਥਾਂ ਦੇਣ ਵਾਲੇ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੋਇਆ ਹੈ। ਪੁੱਛਗਿੱਛ ਦੇ ਲਈ ਪੁਲਿਸ ਉਸ ਨੂੰ ਮੁਹਾਲੀ ਵਿਖੇ ਲੈ ਕੇ ਆਈ ਸੀ। ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਮੋਹਣਾ ਨੇ ਜਨਵਰੀ ਫਰਵਰੀ ਮਹੀਨਿਆਂ ’ਚ ਮੂਸੇਵਾਲਾ ਦੀ ਰੇਕੀ ਕਰਵਾਈ ਸੀ। ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਹੀ ਮੂਸੇਵਾਲੇ ਦੇ ਕਤਲ ਦੀ ਯੋਜਨਾ ਸੀ।
'ਮੋਹਣਾ ਵੀ ਕਾਂਗਰਸ ਚ ਹੋਇਆ ਸੀ ਸ਼ਾਮਲ':ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਖੁਦ ਕਾਂਗਰਸ ਵੱਲੋਂ ਚੋਣ ਲੜ ਰਹੇ ਸੀ ਜਿਸ ਕਾਰਨ ਪੁਲਿਸ ਦੀ ਸੁਰੱਖਿਆ ਵੀ ਸੀ ਜਿਸ ਕਾਰਨ ਮੁਲਜ਼ਮਾਂ ਨੂੰ ਕਤਲ ਕਰਨ ਦਾ ਮੌਕਾ ਨਹੀਂ ਮਿਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੋਹਣਾ ਖੁਦ ਵੀ ਕਾਂਗਰਸ ’ਚ ਸ਼ਾਮਲ ਹੋਇਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ’ਚ ਉਹ ਕਾਂਗਰਸ ਚ ਸ਼ਾਮਲ ਹੋਇਆ ਸੀ।