ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਦੁਨੀਆ ਭਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਉੱਥੇ ਹੀ ਭਾਰਤ ਸਹਿਤ ਕਈ ਦੇਸ਼ਾਂ ਵਿੱਚ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰਾਂ ਦੇ ਨਾਲ ਗਾਇਕ ਵੀ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ। ਉੱਥੇ ਹੀ ਪੰਜਾਬੀ ਸਿੰਗਰ ਸਿੱਧੂ ਮੁਸੇਵਾਲਾ ਇਸ ਮਹਾਮਾਰੀ ਨੂੰ ਲੈ ਕੇ ਇੱਕ ਗੀਤ 'ਮੈਂ ਗੁਰਬਖ਼ਸ਼ ਗਵਾਚਾਂ ਇਟਲੀ ਤੋਂ ਆਇਆ ਹਾਂ', ਲੈ ਕੇ ਆਏ ਹਨ।
ਇਸ ਗੀਤ ਦੀ ਪੂਰੀ ਕਹਾਣੀ ਇਟਲੀ ਤੋਂ ਵਾਪਿਸ ਆਏ ਗੁਰਬਖ਼ਸ਼ ਦੀ ਹੈ, ਜੋ ਨਾ ਜਾਣਦੇ ਹੋਏ ਆਪਣੇ ਨਾਲ ਜਾਨਲੇਵਾ ਬਿਮਾਰੀ ਨੂੰ ਲੈ ਕੇ ਪਰਤਿਆ ਹੈ। ਗਾਣੇ ਦੀਆਂ ਸਤਰਾਂ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, 21 ਸਾਲ ਪਹਿਲਾਂ ਘਰੋਂ ਸੀ ਕੱਢਿਆ ਬੇਰੁਜ਼ਗਾਰੀ ਨੇ, ਫ਼ਿਰ ਮਾੜੀ ਕਿਸਮਤ ਦਬ ਲਿਆ ਇੱਥੇ ਦੇਖ ਬਿਮਾਰੀ ਨੇ, ਓਸ ਦਰ ਤੋਂ ਛੜ ਕੇ ਆਇਆ ਮੁਲਕ ਪਰਾਇਆ ਹਾਂ, ਮੈਂ ਗੁਰਬਖ਼ਸ਼ ਗਵਾਚਾਂ ਇਟਲੀ ਤੋਂ ਆਇਆ ਹਾਂ'। ਇਸ ਗਾਣੇ ਵਿੱਚ ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਅਤੇ ਇਸ ਨਾਲ ਨਵਾਂ ਸ਼ਹਿਰ ਵਿੱਚ 70 ਸਾਲਾ ਬਲਦੇਵ ਸਿੰਘ ਦੀ ਹੋਈ ਮੌਤ ਅਤੇ ਉਸ ਨਾਲ ਇਸ ਮਹਾਂਮਾਰੀ ਦੇ ਹੋਰਾਂ ਨੂੰ ਚਪੇਟ ਵਿੱਚ ਲਏ ਜਾਣ ਬਾਰੇ ਵੀ ਦਿਖਾਇਆ ਗਿਆ ਹੈ, ਕਿ ਕਿਵੇਂ ਉਸ ਦੇ ਇਟਲੀ ਤੋਂ ਪਰਤਣ ਮਗਰੋਂ ਇਸ ਬਿਮਾਰੀ ਨੇ ਉਸ ਦੇ ਪੁੱਤਰ, ਪੋਤੇ, ਪੋਤੀ, ਦੋਸਤਾਂ ਸਮੇਤ ਕਈਆਂ ਨੂੰ ਚਪੇਟ ਵਿੱਚ ਲੈ ਲਿਆ।