ਚੰਡੀਗੜ੍ਹ:ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈਕੇ ਪੂਰੇ ਦੇਸ਼ ਵਿਚ ਹਾਹਾਕਾਰ ਮੱਚੀ ਹੋਈ ਹੈ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਸ਼ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ ਜਿਸ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਜੇਕਰ ਗੈਂਗਸਟਰ ਲਾਰੈਂਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਵੀ ਉਹ ਰਾਜਸਥਾਨ ਦੀਆਂ ਕਈ ਜੇਲ੍ਹਾਂ ਵਿੱਚ ਰਹਿ ਚੁੱਕਿਆ ਹੈ। ਉਹ ਰਾਜਸਥਾਨ ਦੇ ਜੋਧਪੁਰ ਅਤੇ ਅਜਮੇਰ ਦੀ ਜੇਲ੍ਹ ਵਿੱਚ ਸਮਾਂ ਬਿਤਾ ਚੁੱਕਿਆ ਹੈ।
ਇਸ ਤਰ੍ਹਾਂ ਚਲਾ ਰਿਹਾ ਗੈਂਗ:ਲਾਰੈਂਸ ਦੀ ਗੈਂਗ ਨੂੰ ਲੈਕੇ ਇੱਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਲਾਰੈਂਸ ਦੀ ਗੈਂਗ ਵਿੱਚ 600 ਦੇ ਕਰੀਬ ਸ਼ਾਰਪ ਸ਼ੂਟਰ ਹਨ ਜੋ ਵੱਖ ਵੱਖ ਜੇਲ੍ਹ ਵਿੱਚ ਬੰਦ ਹਨ ਅਤੇ ਕਈ ਬਾਹਰ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਰੈਂਸ ਜੇਲ੍ਹ ਵਿੱਚ ਬੈਠਾ ਵੀ ਆਪਣੇ ਗਿਰੋਹ ਨੂੰ ਚਲਾ ਰਿਹਾ ਹੈ ਜੋ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਬੈਠੇ ਹਨ। ਦਿੱਲੀ ਦੀ ਜੇਲ੍ਹ ਤੋਂ ਲਾਰੈਂਸ ਪੰਜਾਬ, ਹਰਿਆਣਾ, ਰਾਜਸਥਾਨ ਦੇ ਹੋਰ ਸੂਬਿਆਂ ਵਿੱਚ ਆਪਣੇ ਗੈਂਗ ਨੂੰ ਚਲਾ ਰਿਹਾ ਹੈ।
ਮੂਸੇਵਾਲਾ ਦੇ ਕਤਲ ਦੇ ਰਾਜਸਥਾਨ ਨਾਲ ਜੁੜੇ ਤਾਰ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਕਾਫੀ ਕਰੀਬੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਇਸਦੀ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਉਸ ਵੱਲੋਂ ਸੋਸ਼ਲ ਮੀਡੀਆ ਉੱਪਰ ਪੋਸਟ ਸਾਂਝੀ ਕਰਕੇ ਇਸ ਕਤਲ ਪਿੱਛੇ ਦੀ ਜਾਣਕਾਰੀ ਦਿੱਤੀ ਗਈ ਹੈ। ਗੈਂਗਸਟਰ ਨੇ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਲਾਰੈਂਸ ਅਤੇ ਗੋਲਡੀ ਬਰਾੜ ਨੇ ਆਪਣੇ ਭਰਾਵਾਂ ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲਿਆ ਹੈ ਜੋ ਕਿ ਲਾਰੈਂਸ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।
ਗੋਲਡੀ ਤੇ ਲਾਰੈਂਸ ਦੀ ਕਹਾਣੀ:ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਦਾ ਹੀ ਰਹਿਣ ਵਾਲਾ ਹੈ, ਉਹ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਹੈ। ਲਾਰੈਂਸ ਅਤੇ ਗੋਲਡੀ ਬਰਾੜ ਵੱਲੋਂ ਇਕੱਠਿਆਂ ਹੀ ਵਿਦਿਆਰਥੀ ਰਾਜਨੀਤੀ ਵਿੱਚ ਪੈਰ ਧਰਿਆ। ਇਸ ਤੋਂ ਬਾਅਦ ਲਾਰੈਂਸ ਵੱਲੋਂ ਅੱਗੇ ਵਧਦੇ ਹੋਏ ਵਿਦਿਆਰਥੀ ਯੂਨੀਅਨ ਦੀ ਚੋਣ ਲੜੀ ਗਈ ਜਿਸ ਸਮੇਂ ਲਾਰੈਂਸ ਵੱਲੋਂ ਇਹ ਚੋਣ ਲੜੀ ਤਾਂ ਉਸ ਸਮੇਂ ਗੋਲਡੀ ਬਰਾੜ ਉਸਦਾ ਸੀਨੀਅਰ ਹੁੰਦਾ ਸੀ ਤਾਂ ਇਸ ਦੌਰਾਨ ਦੋਵਾਂ ਦੀ ਆਪਸ ਵਿੱਚ ਗਹਿਰੀ ਦੋਸਤੀ ਹੋਈ ਤਾਂ ਇਕੱਠੇ ਹੀ ਅਪਰਾਧਿਕ ਦੁਨੀਆ ਵੱਲ ਵਧਣ ਲੱਗੇ।
ਅਪਰਾਧ ਦੀ ਦੁਨੀਆਂ ’ਚ ਕਿਵੇਂ ਕਾਇਮ ਕੀਤਾ ਆਪਣਾ ਦਬਦਬਾ:ਅਪਰਾਧ ਦੀ ਦੁਨੀਆ ਵਿੱਚ ਲਾਰੈਂਸ ਦਾ ਦਬਦਬਾ ਬਹੁਤ ਸਾਰੇ ਲੋਕਾਂ ਦੀ ਮਦਦ ਨਾਲ ਬਣਿਆ ਸੀ। ਲਾਰੈਂਸ ਦੀ ਇੱਕ ਸਾਥੀ, ਰਾਜਸਥਾਨ ਦੀ ਲੇਡੀ ਡੌਨ ਅਨੁਰਾਧਾ ਗੋਲਡੀ ਬਰਾੜ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ਚਲਾਉਂਦੀ ਸੀ। ਅਨੁਰਾਧਾ ਅਜਮੇਰ ਜੇਲ੍ਹ ਵਿੱਚ ਬੰਦ ਹੈ। ਲਾਰੈਂਸ ਦਾ ਸਭ ਤੋਂ ਨਜ਼ਦੀਕੀ ਵਿਅਕਤੀ ਆਨੰਦਪਾਲ ਸੀ, ਜੋ ਰਾਜਸਥਾਨ ਦਾ ਇੱਕ ਬਦਨਾਮ ਗੈਂਗਸਟਰ ਸੀ।ਆਨੰਦਪਾਲ ਗੈਂਗ ਦੇ ਮੁਖੀ ਸੁਭਾਸ਼ ਮੁੰਡ ਦੇ ਕਹਿਣ ਦੇ ਉੱਪਰ ਹੀ ਪਲਸਾਨਾ ਦੇ ਸਾਬਕਾ ਸਰਪੰਚ ਦਾ ਕਤਲ ਕੀਤਾ ਗਿਆ ਸੀ। ਇਹ ਕਤਲ ਲਾਰੈਂਸ ਬਿਸ਼ਨੋਈ ਦੇ ਸਾਰਪ ਸ਼ੂਟਰਸ ਵੱਲੋਂ ਕੀਤਾ ਗਿਆ ਸੀ।