ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਦੀ ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸਾਂਸਦਾਂ ਤੇ ਪਾਰਟੀ ਅਹੁਦੇਦਾਰਾਂ ਨੂੰ ਚਾਹ ਦਾ ਸੱਦਾ ਦਿੱਤਾ। ਸਵੇਰੇ 10 ਵਜੇ ਪੰਜਾਬ ਭਵਨ 'ਚ ਟੀ-ਪਾਰਟੀ 'ਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਪੰਹੁਚੇ ਪਰ ਕੈਪਟਨ ਨੂੰ ਬਿਨ੍ਹਾਂ ਮਿਲੇ ਹੀ ਪਰਤ ਗਏ, ਜਿਸ ਮਗਰੋਂ ਹਰੀਸ਼ ਰਾਵਤ ਨੇ ਉਨ੍ਹਾਂ ਨੂੰ ਮੁੜ ਸੱਦਿਆ, ਜਿਸ ਮਗਰੋਂ ਸਾਲਾਂ ਦੇ ਗਿਲੇ ਸ਼ਿਕਵਿਆਂ ਮਗਰੋਂ ਕੈਪਟਨ-ਸਿੱਧੂ ਦੀ ਪਹਿਲੀ ਮੁਲਾਕਾਤ ਹੋਈ।
ਫਰੇਮ ਦਰ ਫਰੇਮ ਮੁਲਾਕਾਤ
ਮੁੱਖ ਮੰਤਰੀ ਪਾਰਟੀ ਅਹੁਦੇਦਾਰਾਂ ਨਾਲ ਬੈਠੇ ਸਨ ਜਦੋਂ ਨਵਜੋਤ ਸਿੱਧੂ ਆਏ ਤੇ ਉਨ੍ਹਾਂ ਮੁੱਖ ਮੰਤਰੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਉਨ੍ਹਾਂ ਦਾ ਹਾਲ ਪੁੱਛਿਆ, ਇਸਦੇ ਜਵਾਬ 'ਚ ਕੈਪਟਨ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ। ਮੁਲਾਕਾਤ ਦੌਰਾਨ ਸਿੱਧੂ ਕੈਪਟਨ ਅੱਗੇ ਸਫਾਈ ਦਿੰਦੇ ਨਜ਼ਰ ਆਏ ਕਿ ਮੈਂ ਅਰਦਾਸ ਕਰਨ ਗਿਆ ਸੀ। ਇਸ ਮਗਰੋਂ ਸਿੱਧੂ ਕੁਰਸੀ ਖਿੱਚ ਕੇ ਕੈਪਟਨ ਦੇ ਸਾਹਮਣੇ ਬੈਠਣ ਲੱਗੇ ਤਾਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਨ੍ਹਾਂ ਨੂੰ ਕੈਪਟਨ ਦੇ ਨਾਲ ਬੈਠਣ ਲਈ ਸੱਦਿਆ। ਨਵਜੋਤ ਸਿੰਘ ਸਿੱਧੂ ਕੈਪਟਨ ਦੇ ਨਾਲ ਆ ਕੇ ਬੈਠ ਗਏ, ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ 10 ਵਜੇ ਦਾ ਸਮਾਂ ਸੀ ਟੀ-ਪਾਰਟੀ ਦਾ ਤੇ 10:45 ਹੋ ਗਏ, ਇਸ ਦੌਰਾਨ ਪਾਰਟੀ ਇੰਚਾਰਜ ਜੋ ਕੈਪਟਨ ਦੇ ਦੂਜੇ ਪਾਸੇ ਬੈਠੇ ਸਨ, ਉਨ੍ਹਾਂ ਨੂੰ ਕੁਝ ਕਹਿੰਦੇ ਨਜ਼ਰ ਆਏ ਤੇ ਮੁੱਖ ਮੰਤਰੀ ਰਾਵਤ ਨਾਲ ਗੱਲ ਕਰਨ 'ਚ ਮਸ਼ਗੂਲ ਹੋ ਗਏ ਤੇ ਸਿੱਧੂ ਇਧਰ-ਉਧਰ ਵੇਖਦੇ ਨਜ਼ਰ ਆਏ।