ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹਲਕਿਆਂ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜੀ ਹਾਂ ਸੁਨੀਲ ਜਾਖੜ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੀਐੱਮ ਬਣਾਉਣ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਚ ਖਲਬਲੀ ਮਚਾ ਦਿੱਤੀ ਹੈ।
ਇਹ ਹੈ ਸੁਨੀਲ ਜਾਖੜ ਦਾ ਬਿਆਨ
ਦੱਸ ਦਈਏ ਕਿ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਕੀ ਮਿਲਿਆ ਕੀ ਨਹੀਂ ਇਸ ਦਾ ਉਨ੍ਹਾਂ ਨੂੰ ਕੋਈ ਗ਼ਮ ਨਹੀਂ ਹੈ। ਪਰਮਾਤਮਾ ਜੋ ਕਰਦਾ ਹੈ ਠੀਕ ਕਰਦਾ ਹੈ। ਜਾਖੜ ਨੇ ਅੱਗੇ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸੀਐਮ ਵੱਜੋ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਨਵੇਂ ਸੀਐਮ ਲਈ ਕਾਂਗਰਸ ਦੇ ਅੰਦਰ ਚੋਣਾਂ ਹੋਈਆਂ ਸੀ। ਜਿਸ ਵਿਚ ਉਨ੍ਹਾਂ ਨੂੰ 42 ਵਿਧਾਇਕਾਂ ਦਾ ਸਮਰਥਨ ਮਿਲਿਆ ਸੀ। ਜਦਕਿ ਸੁਖਜਿੰਦਰ ਰੰਧਾਵਾ ਨੂੰ 16 ਵਿਧਾਇਕਾਂ ਦਾ ਸਮਰਥਨ ਮਿਲਿਆ ਸੀ, ਪਰਨੀਤ ਕੌਰ ਨੂੰ 12 ਅਤੇ ਨਵਜੋਤ ਸਿੰਘ ਸਿੱਧੂ ਨੂੰ 6 ਵਿਧਾਇਕਾਂ ਦਾ ਵੋਟ ਮਿਲਿਆ ਸੀ ਜਦਕਿ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਸਿਰਫ 2 ਵਿਧਾਇਕਾਂ ਦਾ ਸਮਰਥਨ ਮਿਲਿਆ।
ਕਾਂਗਰਸ ਨੇ ਡਿਪਟੀ ਸੀਐੱਮ ਬਣਨ ਲਈ ਕਿਹਾ ਸੀ- ਜਾਖੜ
ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਬੁਲਾਇਆ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਮੈ ਡਿਪਟੀ ਸੀਐੱਮ ਬਣ ਜਾਵਾ। ਪਰ ਉਨ੍ਹਾਂ ਵੱਲੋਂ ਡਿਪਟੀ ਸੀਐੱਮ ਬਣਨ ’ਤੇ ਮਨਾਂ ਕਰ ਦਿੱਤਾ ਗਿਆ ਸੀ।
ਦੱਸ ਦਈਏ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਹ ਵੀ ਪੰਜਾਬ ਦੇ ਸੀਐਮ ਬਣਨ ਦਾ ਇਰਾਦਾ ਰੱਖਦੇ ਹਨ। ਹਾਲਾਂਕਿ ਸੁਨੀਲ ਜਾਖੜ ਦੇ ਬਿਆਨ ਦੇ ਕਈ ਮਤਲਬ ਕੱਢੇ ਜਾ ਰਹੇ ਹਨ। ਪਰ ਸਾਰੀ ਤਸਵੀਰ ਆਉਣ ਵਾਲੇ ਸਮੇਂ ਦੇ ਨਾਲ ਹੀ ਸਾਫ਼ ਹੋਵੇਗੀ।
ਕਾਬਿਲੇਗੌਰ ਹੈ ਕਿ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਕਾਂਗਰਸ ਵੱਲੋਂ ਆਪਣੇ ਸੀਐਮ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਕਾਂਗਰਸ ਵੱਲੋਂ ਫੋਨ ਰਾਹੀ ਕਿਹਾ ਜਾ ਰਿਹਾ ਹੈ ਕਿ ਮੈ ਏਆਈਸੀਸੀ ਤੋਂ ਬੋਲ ਰਿਹਾ ਹਾਂ ਪੰਜਾਬ ਚ ਵਿਧਾਨਸਭਾ ਚੋਣਾਂ ਚ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਚਰਨਜੀਤ ਸਿੰਘ ਚੰਨੀ ਹੋਣ ਤਾਂ ਬੀਪ ਤੋਂ ਬਾਅਦ ਇੱਕ ਦਬਾਓ, ਜੇਕਰ ਤੁਸੀਂ ਚਾਹੁੰਦੇ ਹੋ ਕਿ ਨਵਜੋਤ ਸਿੰਘ ਸਿੱਧੂ ਹੋਣ ਤਾਂ ਬੀਪ ਤੋਂ ਬਾਅਦ 2 ਦਬਾਓ ਅਤੇ ਇਹ ਵੀ ਚਾਹੁੰਦੇ ਹੋ ਤਾਂ ਕਾਂਗਰਸ ਬਿਨਾਂ ਮੁੱਖ ਮੰਤਰੀ ਚਿਹਰੇ ਦੇ ਚੋਣ ਲੜੇ ਤਾਂ 3 ਦਬਾਓ।
ਇਹ ਵੀ ਪੜੋ:ਸੀਐੱਮ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਕਾਂਗਰਸ, ਹੁਣ ਲੋਕਾਂ ਨੂੰ ਕਰਨ ਲੱਗੇ ਫੋਨ !