ਚੰਡੀਗੜ੍ਹ: ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਜੀ ਦਾ 500 ਸਾਲ ਪੁਰਾਣਾ ਮੰਦਰ ਢਾਹੇ ਜਾਣ ਤੋਂ ਬਾਅਦ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 15 ਅਗਸਤ ਨੂੰ ਕਾਲਾ ਦਿਨ ਮਨਾਉਣ ਦੀ ਵੀ ਅਪੀਲ ਕੀਤੀ ਹੈ ਜਿਸ ਨੂੰ ਲੈ ਕੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਹਾਈ ਅਲਰਟ 'ਤੇ ਪੰਜਾਬ
ਪੰਜਾਬ ਬੰਦ ਅਤੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 5 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ ਵੱਖ-ਵੱਖ ਬਟਾਲੀਅਨਾਂ ਅਤੇ ਵਿੰਗਾਂ ਵਿੱਚੋਂ ਬੁਲਾ ਕੇ ਫੀਲਡ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ। ਬੰਦ ਦੇ ਮੱਦੇਨਜ਼ਰ ਜਲੰਧਰ, ਕਪੂਰਥਲਾ, ਫਗਵਾੜਾ, ਹੁਸ਼ਿਆਰਪੁਰ, ਨਵਾਂਸ਼ਹਿਰ, ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ 'ਚ ਵਿਸ਼ੇਸ਼ ਤੌਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿਚ ਵਾਧੂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ।
ਭੀਮ ਆਰਮੀ ਪੰਜਾਬ ਵੱਲੋਂ ਸਵੇਰ ਦੇ 9 ਵਜੇ ਤੋਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਵੀ ਬੰਦ ਦੀ ਹਮਾਇਤ ਕੀਤੀ ਗਈ ਹੈ। ਲੋਕਾਂ ਨੂੰ ਦਰਪੇਸ਼ ਹੋਣ ਵਾਲੀਆਂ ਸਮੱਸਿਆਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ ਹੈ। ਡੇਰਾ ਬਲਾਂ ਦੇ ਮੁਖੀ ਵੱਲੋਂ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅੱਜ ਦਿੱਲੀ ਦੇ ਰਾਜਪਾਲ ਨਾਲ ਮੁਲਾਕਾਤ ਕਰਣਗੇ।