ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਸ਼ ਭਰ 'ਚ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਵਿਰੁੱਧ ਅੱਜ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ।
ਸਰਕਾਰ ਦੇ ਖ਼ਜ਼ਾਨੇ ਕਦੇ ਖਾਲੀ ਨਹੀਂ ਹੁੰਦੇ, ਨੀਅਤ ਹੋਣੀ ਚਾਹੀਦੀ: ਸੁਖਬੀਰ ਬਾਦਲ ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਵਿਰੁੱਧ 13 ਹਜ਼ਾਰ ਪਿੰਡਾਂ 'ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਇਥੇ ਇੱਕ ਤਾਂ ਸਰਕਾਰ ਮਾਫ਼ੀਆ ਰਾਹੀਂ ਲੁੱਟ ਮਚਾ ਰਹੀ ਹੈ ਤਾਂ ਦੂਜੇ ਪਾਸੇ ਪੈਟਰੋਲ ਡੀਜ਼ਲ 'ਚ ਲਗਾਤਾਰ ਹੋ ਰਿਹਾ ਵਾਧਾ ਤੇ ਉਸ 'ਤੇ ਲਾਏ ਜਾ ਰਿਹਾ ਟੈਕਸ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬੀਤੇ 3 ਸਾਲ ਤੋਂ ਕਹਿ ਰਹੀ ਹੈ ਕਿ ਉਨ੍ਹਾਂ ਦਾ ਖ਼ਜ਼ਾਨਾ ਖਾਲੀ ਹੈ ਪਰ ਕਿਸੇ ਵੀ ਸਮੇਂ ਦੀ ਸਰਕਾਰ ਦੇ ਖ਼ਜ਼ਾਨੇ ਖਾਲੀ ਨਹੀਂ ਹੁੰਦੇ ਹਨ ਇਹ ਸਭ ਲੋਕਾਂ ਨੂੰ ਭਟਕਾਉਣ ਲਈ ਕੀਤਾ ਜਾਂਦਾ ਹੈ। ਪੈਸਾ ਲਾਉਣ ਦੀ ਨੀਅਤ ਹੋਣੀ ਚਾਹੀਦੀ ਹੈ।
ਸਰਕਾਰ ਦੇ ਖ਼ਜ਼ਾਨੇ ਕਦੇ ਖਾਲੀ ਨਹੀਂ ਹੁੰਦੇ, ਨੀਅਤ ਹੋਣੀ ਚਾਹੀਦੀ: ਸੁਖਬੀਰ ਬਾਦਲ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਕੈਪਟਨ ਸਰਕਾਰ ਨੂੰ ਕਿਹਾ ਸੀ ਕਿ ਤੁਸੀ ਤੇਲ 'ਤੇ ਲਗਿਆ ਟੈਕਸ ਘਟਾਓ, ਅਸੀਂ ਫਿਰ ਕੇਂਦਰ ਸਰਕਾਰ ਤੋਂ ਟੈਕਸ ਘਟਾਉਣ ਦੀ ਮੰਗ ਕਰਾਂਗੇ। ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਤਾਂ ਅਜਿਹੇ ਹੋ ਚੁੱਕੇ ਹਨ ਕਿ ਹੁਣ ਸਰਕਾਰ ਪੁਲਿਸ ਦੀ ਮਦਦ ਨਾਲ ਸੂਬੇ ਦੇ ਲੋਕਾਂ 'ਚ ਡਰ ਪੈਦਾ ਕਰ ਰਹੀ ਹੈ। ਪੁਲਿਸ ਨੌਜਵਾਨਾਂ ਤੇ ਬਜ਼ੁਰਗਾਂ 'ਤੇ ਝੁੱਠੇ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਤਾਂ ਲੋਕਾਂ ਨੂੰ ਲਾਭ ਦੇਣ ਵਾਲੇ ਨੀਲੇ ਕਾਰਡਾਂ ਨੂੰ ਹੀ ਬੰਦ ਕਰ ਦਿੱਤਾ। ਹੁਣ ਕੇਂਦਰ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਮੁਫ਼ਤ ਰਾਸ਼ਨ ਦੁਕਾਨਾਂ ਰਾਹੀਂ ਵੇਚਿਆ ਜਾ ਰਿਹਾ ਹੈ।
ਸਕੂਲਾਂ 'ਤੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਸਕੂਲਾਂ ਨੂੰ ਫੀਸ ਨਹੀਂ ਲੈਣੀ ਚਾਹੀਦੀ ਹੈ ਕਿਉਂਕਿ ਲੌਕਡਾਊਨ ਕਾਰਨ ਸਕੂਲ ਬੀਤੇ ਕਈ ਸਮੇਂ ਤੋਂ ਬੰਦ ਸਨ। ਸੁਖਬੀਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਤਾਂ ਹੁਣ 3 ਮਹੀਨੇ ਪਹਿਲਾਂ ਲੱਗਿਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਪਿਛਲੇ 3 ਸਾਲ ਤੋਂ ਆਪਣੇ ਆਪ ਨੂੰ ਲੌਕ ਕਰਕੇ ਘਰੇ ਬੈਠੇ ਹੋਏ ਹਨ। ਉਨ੍ਹਾਂ ਕਦੇ ਬਾਹਰ ਆ ਕੇ ਲੋਕਾਂ ਦੀ ਸਾਰ ਨਹੀਂ ਲਈ ਹੈ।