ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਪੰਜਾਬ ਦੇ ਵੱਖ ਵੱਖ ਅਹਿਮ ਮੁੱਦਿਆ ’ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਦਲਜੀਤ ਚੀਮਾ ਵੱਲੋਂ ਜਿੱਥੇ ਸਰਕਾਰ ਵੱਲੋਂ ਯੂਕਰੇਨ ਫਸੇ ਵਿਦਿਆਰਥੀਆਂ ਲਈ ਅਪੀਲ ਕੀਤੀ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਵੀ ਸਾਧਿਆ।
ਦਲਜੀਤ ਚੀਮਾ ਨੇ ਕੀਤੀ ਕੇਂਦਰ ਸਰਕਾਰ ਨੂੰ ਅਪੀਲ 'ਯੂਕਰੇਨ ’ਚ ਅਜੇ ਵੀ ਫਸੇ ਹੋਏ ਹਨ ਵਿਦਿਆਰਥੀ'
ਪ੍ਰੈਸ ਕਾਨਫਰੰਸ ਦੌਰਾਨ ਦਲਜੀਤ ਚੀਮਾ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਦੀ ਲੜਾਈ ਵਿਚਾਲੇ ਭਾਰਤੀ ਮੈਡੀਕਲ ਵਿਦਿਆਰਥੀ ਅਜੇ ਵੀ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ਚ ਫਸੇ ਹੋਏ ਹਨ ਜੋ ਕਿ ਇੱਕ ਬਹੁਤ ਹੀ ਵੱਡਾ ਵਿਸ਼ਾ ਹੈ। ਪੰਜਾਬ ਦੇ ਕਈ ਵਿਦਿਆਰਥੀ ਹੈ ਉਨ੍ਹਾਂ ਦੇ ਮਾਪੇ ਸਹਿਮੇ ਹੋਏ ਹਨ। ਇਸੇ ਦੇ ਚੱਲਦੇ ਉਨ੍ਹਾਂ ਨੇ ਵਿਦੇਸ਼ ਮੰਤਰਾਲੇ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ।
'ਪਰਿਵਾਰਾਂ ਦੀ ਨਹੀਂ ਹੋ ਰਹੀ ਸੁਣਵਾਈ'
ਦਲਜੀਤ ਚੀਮਾ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਉੱਥੋ ਕੱਢਣ ਦਾ ਰਸਤਾ ਕੱਢਿਆ ਜਾਵੇ। ਦਲਜੀਤ ਚੀਮਾ ਨੇ ਅੱਗੇ ਕਿਹਾ ਕਿ ਚੋਣਾਂ ਤੋਂ ਬਾਅਦ ਜੋ ਮਾਹੌਲ ਪੰਜਾਬ ਚ ਬਣਿਆ ਹੋਇਆ ਹੈ ਉਸ ਤੋਂ ਬਾਅਦ ਪੰਜਾਬ ’ਚ ਇਨ੍ਹਾਂ ਪਰਿਵਾਰਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਇਸ ਲਈ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹਰ ਇੱਕ ਬੱਚੇ ਦੀ ਜਾਣਕਾਰੀ ਦੇਣੀ ਚਾਹੀਦੀ ਤਾਂਕਿ ਇਨ੍ਹਾਂ ਦੀ ਮਦਦ ਹੋ ਸਕੇ।
ਇਹ ਵੀ ਪੜੋ:ਪਟਿਆਲਾ ਜੇਲ੍ਹ ’ਚ ਬੰਦ ਮਜੀਠੀਆ ਨੂੰ ਮਿਲਣ ਪਹੁੰਚੇ ਸੁਖਬੀਰ ਤੇ ਹਰਸਿਮਰਤ ਬਾਦਲ
ਬੀਬੀਐਮਬੀ ਦੇ ਜ਼ਰੀਏ ਕੇਂਦਰ ਨੇ ਕੀਤਾ ਪੰਜਾਬ ਨਾਲ ਧੋਖਾ
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੀਬੀਐਮਬੀ ਦੇ ਜ਼ਰੀਏ ਵੀ ਕੇਂਦਰ ਨੇ ਪੰਜਾਬ ਨਾਲ ਧੱਕਾ ਕੀਤਾ ਹੈ, ਜਿੱਥੇ ਮੈਂਬਰ ਪਾਵਰ ਪੰਜਾਬ ਤੋਂ ਚੁਣਿਆ ਜਾਂਦਾ ਹੈ ਅਤੇ ਮੈਂਬਰ ਇਰੀਗੇਸ਼ਨ ਹਰਿਆਣਾ ਤੋਂ ਉਨ੍ਹਾਂ ਨੂੰ ਖ਼ਤਮ ਕੀਤਾ ਗਿਆ ਹੈ। ਇਹ ਸਿਸਟੇਮੈਟਿਕ ਤਰੀਕੇ ਦੇ ਨਾਲ ਪੰਜਾਬ ਦਾ ਹੱਕ ਖ਼ਤਮ ਕਰਨ ਦੀ ਸਾਜਿਸ਼ ਹੈ। ਇਸ ਨੂੰ ਲੈ ਕੇ ਜਲਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਨੂੰ ਮਿਲਣਗੇ ਅਤੇ ਸਾਰੇ ਮੁੱਦਿਆਂ ਤੇ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਫ਼ੈਸਲੇ ਪੰਜਾਬ ਦੇ ਖ਼ਿਲਾਫ਼ ਹਨ ਅਤੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ।
ਕੈਦੀਆਂ ਦੇ ਪਰਿਵਾਰਾਂ ਦੀ ਨਹੀਂ ਹੋ ਰਹੀ ਮੁਲਾਕਾਤ
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਮਿਲਣ ਦੇ ਲਈ ਪਟਿਆਲਾ ਜੇਲ੍ਹ ਅਕਾਲੀ ਦਲ ਦਾ ਵਫ਼ਦ ਗਿਆ ਸੀ। ਜਿੱਥੇ, ਉਹ ਤਾਂ ਚੜ੍ਹਦੀਕਲਾ ਵਿੱਚ ਹਨ, ਪਰ ਉਨ੍ਹਾਂ ਨੇ ਇੱਕ ਮੁੱਦਾ ਉੱਥੇ ਕੈਦੀਆਂ ਦਾ ਚੁੱਕਿਆ ਅਤੇ ਦੱਸਿਆ ਕਿ ਉਹ ਮਾਨਸਿਕ ਤਣਾਅ ਚੋਂ ਗੁਜ਼ਰ ਰਹੇ ਹਨ, ਕਿਉਂਕਿ ਕੋਰੋਨਾ ਦੀ ਗਾਈਡਲਾਇੰਸ ਦੇ ਚੱਲਦੇ ਕੈਦੀ ਆਪਣੇ ਪਰਿਵਾਰ ਦੇ ਨਾਲ ਨਹੀਂ ਮਿਲ ਪਾ ਰਹੇ ਹਨ। ਇਸ ਕਰਕੇ ਉਹ ਮਾਨਸਿਕ ਤਣਾਅ ਚੋਂ ਗੁਜ਼ਰ ਰਹੇ ਹਨ। ਇਸ ਕਰਕੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ ਕਿ ਹੁਣ ਹਾਲਾਤ ਬਦਲ ਚੁੱਕੇ ਹਨ ਤੇ ਹੁਣ ਮੁਲਾਕਾਤ ਕੀਤੀ ਜਾ ਸਕਦੀ ਹੈ।
"ਬੀਜੇਪੀ ਨਾਲ ਗਠਬੰਧਨ ਦੀ ਨਹੀਂ ਪਵੇਗੀ ਲੋੜ"
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਦਾ ਨਤੀਜੇ 10 ਮਾਰਚ ਨੂੰ ਆਉਣਾ ਹੈ। ਪਰ, ਜੇਕਰ ਗੱਠਬੰਧਨ ਦੀ ਗੱਲ ਕੀਤੀ ਜਾਵੇ, ਤਾਂ ਬੀਜੇਪੀ ਦੇ ਨਾਲ ਗਠਬੰਧਨ ਦੀ ਨੌਬਤ ਨਹੀਂ ਆਵੇਗੀ ਕਿਉਂਕਿ ਅਕਾਲੀ ਦਲ ਸਿੰਗਲ ਮਚਿਓਰਿਟੀ ਬਣ ਕੇ ਉਭਰੇਗੀ।