ਮੋਹਾਲੀ: ਭਾਜਪਾ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸੁਆਮੀ ਦੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ 'ਤੇ ਰਾਜਨੀਤੀ ਗਰਮਾਈ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਜਿੱਥੇ ਇਸ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਕਈ ਆਗੂਆਂ ਨੇ ਇਹ ਬਿਆਨ ਵਾਪਸ ਲੈਣ ਦੀ ਵੀ ਗੱਲ ਆਖੀ ਹੈ।
ਅਕਾਲੀ ਦਲ ਟਕਸਾਲੀ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਨੇ ਸੁਬਰਾਮਨੀਅਮ ਸੁਆਮੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਚਿਤਾਵਨੀ ਦਿੰਦਾ ਹੈ ਕਿ ਉਹ ਆਪਣਾ ਬਿਆਨ ਵਾਪਸ ਲੈ ਲੈਣ। ਉਨ੍ਹਾਂ ਖਦਸ਼ਾ ਜਤਾਉਂਦਿਆਂ ਕਿਹਾ ਕਿ ਸੁਬਰਾਮਨੀਅਮ ਸੁਆਮੀ ਇੱਕ ਉੱਚੇ ਅਹੁਦੇ 'ਤੇ ਬੈਠੇ ਹਨ ਅਤੇ ਆਰਐੱਸਐੱਸ ਦੇ ਇੱਕ ਤਰ੍ਹਾਂ ਦੇ ਸਤੰਭ ਵੀ ਮੰਨੇ ਜਾਂਦੇ ਹਨ ਅਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੋਈ ਸੋਚੀ ਸਮਝੀ ਸਾਜਿਸ਼ ਤਹਿਤ ਹੀ ਹੋ ਸਕਦੀ ਹੈ।
ਸੇਖਵਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦੀ ਹੁਣ ਇਕੱਲੀ ਮੁੱਖ ਕੜੀ ਬਚਿਆ ਹੈ ਜਿਸ ਦਾ ਖੁੱਲ੍ਹਣਾ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਸਿਰਫ਼ ਸਿੱਖਾਂ ਦੀ ਹੀ ਨਹੀਂ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ।