ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਆਪਣਾ ਕਹਿਰ ਬਰਪਾ ਰਹੀ ਹੈ। ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਲੌਕਡਾਊਨ ਹੈ। ਉੱਥੇ ਹੀ ਕਰਫਿਊ ਦੌਰਾਨ ਚੰਡੀਗੜ੍ਹ 'ਚ ਲੋਕਾਂ ਨੂੰ ਥੋੜੀ ਢਿਲ ਦਿੱਤੀ ਗਈ ਹੈ। ਇਸ ਕਰਫਿਊ 'ਚ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਲਈ ਲੰਗਰ ਵੀ ਲਗਾ ਰਹੀਆਂ ਹਨ।
ਪੰਜਾਬ ਕਰਫਿਊ: ਸੈਕਟਰ-20 ਦੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਲੋੜਵੰਦਾਂ ਨੂੰ ਵੰਡਿਆ ਲੰਗਰ
ਕੋਰੋਨਾ ਵਾਇਰਸ ਕਾਰਨ ਲਗੇ ਕਰਫਿਊ ਦੌਰਾਨ ਚੰਡੀਗੜ੍ਹ ਦੇ ਸੈਕਟਰ 20 ਦੇ ਕਲਗੀਧਰ ਗੁਰਦੁਆਰੇ ਵਿੱਚ 24 ਘੰਟੇ ਸੰਗਤ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਵਿੱਚ ਕਰਫਿਊ ਦੇ ਦੌਰਾਨ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਰਾਸ਼ਨ ਅਤੇ ਰੋਟੀ ਨਹੀਂ ਮਿਲ ਪਾਉਂਦੀ। ਇਸ ਕਾਰਨ ਸੈਕਟਰ 20 ਦੇ ਕਲਗੀਧਰ ਗੁਰਦੁਆਰੇ ਵਿੱਚ 24 ਘੰਟੇ ਸੰਗਤ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਪਰਵਾਸੀ ਮਜ਼ਦੂਰਾਂ, ਜ਼ਰੂਰਤਮੰਦ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਵੱਲੋਂ ਲੰਗਰ ਖਵਾਇਆ ਜਾ ਰਿਹਾ ਹੈ। ਇਸ ਦੇ ਨਾਲ ਇੱਥੇ ਸਾਫ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਲਗੀਧਰ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲੰਗਰ ਬਣਦਾ ਹੈ ਅਤੇ ਕਰਫਿਊ ਦੇ ਦੌਰਾਨ ਵੀ ਲੰਗਰ ਬਣਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਪੰਗਤ ਨੂੰ ਬਿਠਾਏ ਜਾਣ ਤੋਂ ਗੁਰੇਜ਼ ਕਰਦੇ ਹੋਏ ਬਾਹਰ ਸੜਕ 'ਤੇ ਲੰਗਰ ਲਗਾਇਆ ਜਾ ਰਿਹਾ ਹੈ ਤਾਂ ਕਿ ਹਰ ਜ਼ਰੂਰਤਮੰਦ ਇੱਥੋਂ ਆ ਕੇ ਲੰਗਰ ਲੈ ਸਕੇ।