ਚੰਡੀਗੜ੍ਹ : ਸੂਬੇ 'ਚ ਕੋਰੋਨਾ ਦੀ ਦੂਜੀ ਲਹਿਰ ਕੁਝ ਘੱਟ ਹੋਣ 'ਤੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਾਰੇ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਇਸ ਦੇ ਨਾਲ ਹੀ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਾਰੇ ਸਿਵਲ ਸਰਜਨਾਂ ਨੂੰ ਮਾਹਿਰ ਕਮੇਟੀ ਵੱਲੋਂ ਸਿਫ਼ਾਰਿਸ਼ ਕੀਤੇ ਐਸ.ਓ.ਪੀਜ਼ ਅਨੁਸਾਰ ਸਕੂਲਾਂ 'ਚ ਕੋਵਿਡ-19 ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇੱਕ ਕਲਾਸ 'ਚ ਕੋਰੋਨਾ ਦੇ ਇੱਕ ਕੇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਸ ਕਲਾਸ ਨੂੰ 14 ਦਿਨਾਂ ਲਈ ਮੁਅੱਤਲ ਅਤੇ ਕੁਆਰੰਟਾਈਨ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਜੇਕਰ ਸਕੂਲ 'ਚ 2 ਜਾਂ ਇਸ ਤੋਂ ਵੱਧ ਕੋਵਿਡ ਦੇ ਕੇਸ ਸਾਹਮਣੇ ਆਉਂਦੇ ਹਨ ਤਾਂ ਸਕੂਲ ਨੂੰ 14 ਦਿਨਾਂ ਲਈ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸ਼ਹਿਰ ਜਾਂ ਕਸਬੇ ਜਾਂ ਬਲਾਕ ਦੇ ਇੱਕ ਤਿਹਾਈ ਸਕੂਲ ਬੰਦ ਹਨ ਤਾਂ ਉਸ ਖੇਤਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਣ।
ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਕਿਹਾ ਕਿ ਸਕੂਲਾਂ 'ਚ ਬੱਚਿਆਂ 'ਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਾਰੇ ਸਿਵਲ ਸਰਜਨਾਂ ਨੂੰ ਸ਼ੱਕੀ ਮਾਮਲਿਆਂ ਸਬੰਧੀ ਅੰਕੜੇ ਪ੍ਰਦਾਨ ਕਰਨ ਅਤੇ ਆਪਣੇ ਸਬੰਧਿਤ ਜ਼ਿਲ੍ਹਿਆਂ 'ਚ ਕੋਵਿਡ ਟੈਸਟ ਕਰਵਾਉਣ ਸਬੰਧੀ ਇੱਕ ਮਾਈਕ੍ਰੋ-ਪਲਾਨ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿੱਧੂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕਰਨ।