ਚੰਡੀਗੜ੍ਹ: ਪੰਜਾਬ 'ਚ ਵਜੀਫਾ ਘੁਟਾਲੇ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਸੰਬਧੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਐਸਸੀ ਵਿਦਿਆਰਥੀਆਂ ਦੇ ਵਜੀਫੇ ਘੁਟਾਲੇ ਸਬੰਧੀ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਸਰਕਾਰ ਦੇ ਮੰਤਰੀ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਅਕਾਲੀ ਆਗੂ ਮੌਜੂਦ ਰਹੇ। ਅਕਾਲੀ ਵਫ਼ਦ ਨੇ ਵਜੀਫੇ ਘੁਟਾਲੇ ਦੀ ਨਿਰਪੱਖ ਜਾਂਚ ਕੀਤੇ ਜਾਣ ਦੀ ਮੰਗ ਕੀਤੀ।
ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ 'ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਐਸਸੀ ਬੱਚਿਆਂ ਦੀ ਪੋਸਟ ਮੈਟਰਿਕ ਨੂੰ ਮਿਲਣ ਵਾਲੇ ਵਜੀਫੇ 'ਚ ਘੁਟਾਲਾ ਹੋਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਮੁੱਖ ਮੰਤਰੀ ਹਾਸੋ ਹੀਣ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕੇਂਦਰ ਵੱਲੋਂ ਜਾਂਚ ਕੀਤੇ ਜਾਣ ਨੂੰ ਸਿਆਸੀ ਢਾਂਚੇ 'ਤੇ ਹਮਲਾ ਦੱਸਿਆ ਹੈ ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ। ਚੰਦੂਮਾਜਰਾ ਨੇ ਆਖਿਆ ਕਿ ਅਸੀਂ ਵੀ ਸੰਘੀ ਢਾਂਚੇ ਦੇ ਖਿਲਾਫ ਹਾਂ, ਪਰ ਕੇਂਦਰ ਜਾਰੀ ਕੀਤੀ ਰਕਮ ਦਾ ਹਿਸਾਬ ਲੈ ਸਕਦਾ ਹੈ, ਪਰ ਕੈਪਟਨ ਸਰਕਾਰ ਕਿਸੇ ਵੀ ਤਰ੍ਹਾਂ ਦੇ ਹਿਸਾਬ ਦੇਣ ਤੋਂ ਬਚਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੂਬੇ ਦੇ ਮੁੱਖ ਸਕੱਤਰ ਨੂੰ ਸੌਂਪੀ ਹੈ। ਜਦੋਂ ਕਿ ਪ੍ਰੋਟੋਕਾਲ ਦੇ ਮੁਤਾਬਕ ਮੁੱਖ ਸਕੱਤਰ ਕੈਬਿਨੇਟ ਮੰਤਰੀਆਂ ਦੇ ਹੇਠ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਤਰ੍ਹਾਂ ਦਾ ਅਸਤੀਫਾ ਨਹੀਂ ਲਿਆ ਗਿਆ ਤੇ ਕੈਪਟਨ ਸਾਹਿਬ ਨੇ ਇਹ ਜਾਂਚ ਆਪਣੇ ਪੱਖ ਦੇ ਲੋਕਾਂ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਵੱਲੋਂ ਇਸ ਵਜੀਫਾ ਘੁਟਾਲੇ ਦੀ ਜਾਂਚ ਦੇ ਖਿਲਾਫ ਹਨ, ਪਰ ਕੇਂਦਰ ਸਰਕਾਰ ਭੇਜੇ ਗਏ ਫੰਡ ਦੀ ਜਾਣਕਾਰੀ ਮੰਗ ਸਕਦੀ ਹੈ।