ਚੰਡੀਗੜ੍ਹ:ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਚੋਣਾਂ ਦੇ ਮੱਦੇਨਜ਼ਰ 21 ਜੂਨ ਸ਼ਾਮ 6 ਵਜੇ ਤੋਂ ਲੈ ਕੇ 23 ਜੂਨ 2022 ਨੂੰ ਹੋਣ ਵਾਲੀ ਵੋਟਿੰਗ ਤੱਕ ਪੂਰੇ ਖੇਤਰ ਵਿੱਚ ਮੁਕੰਮਲ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ। ਦੱਸ ਦਈਏ ਕਿ ਇਹ ਸੰਸਦੀ ਸੀਟ ਧੂਰੀ ਤੋਂ ਭਗਵੰਤ ਮਾਨ ਦੇ ਵਿਧਾਇਕ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ।
ਇਹ ਵੀ ਪੜੋ:ਭ੍ਰਿਸ਼ਟਾਚਾਰ ਮਾਮਲੇ ਵਿੱਚ ਆਈਏਐਸ ਸੰਜੇ ਪੋਪਲੀ ਗ੍ਰਿਫ਼ਤਾਰ. 1 ਫੀਸਦ ਕਮਿਸ਼ਨ...
ਕੁੱਲ ਵੋਟਰਾਂ ਦੀ ਗਿਣਤੀ:ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਹਲਕੇ ਵਿੱਚ ਕੁੱਲ 15,69,240 ਵੋਟਰ ਸ਼ਾਮਲ ਹਨ ਜਿਨਾਂ ਵਿੱਚ 8,30,056 ਪੁਰਸ਼ ਵੋਟਰ ਜਦਕਿ 7,39,140 ਮਹਿਲਾ ਵੋਟਰ ਹਨ। ਇਸ ਦੇ ਨਾਲ ਹੀ 44 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਹਨ, ਜੋ ਇੰਨ੍ਹਾਂ ਜ਼ਿਮਣੀ ਚੋਣਾਂ 'ਚ ਭਾਗ ਲੈਣਗੇ। ਸੰਗਰੁਰ ਲੋਕ ਸਭਾ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ 'ਚ 13 ਪੁਰਸ਼ ਅਤੇ 3 ਮਹਿਲਾਵਾਂ ਚੋਣ ਮੈਦਾਨ ਵਿੱਚ ਹਨ।
ਸੰਗਰੂਰ ਸੀਟ ਇੰਝ ਹੋਈ ਖਾਲੀ:ਸੰਗਰੂਰ ਲੋਕ ਸਭਾ ਹਲਕੇ ਤੋਂ ਲਗਾਤਾਰ ਆਮ ਆਦਮੀ ਪਾਰਟੀ ਇਸ ਸੀਟ ਨੂੰ ਜਿੱਤਦੀ ਆ ਰਹੀ ਹੈ। ਜਿਸ 'ਚ ਸਾਲ 2014 ਅਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਆਪ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਸੀਟ 'ਤੇ ਲਗਾਤਾਰ ਦੋ ਵਾਰ ਜਿੱਤ ਦਰਜ ਕਰ ਚੁੱਕੇ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਸੰਗਰੂਰ ਅਜਿਹੀ ਸੀਟ ਸੀ, ਜੋ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਸੀ। ਭਗਵੰਤ ਮਾਨ ਹੁਣ ਵਿਧਾਨ ਸਭਾ ਚੋਣਾਂ 'ਚ ਧੂਰੀ ਤੋਂ ਜਿੱਤ ਦਰਜ ਕਰਕੇ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਹਨ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਅਤੇ ਇਸ 'ਤੇ ਮੁੜ ਜ਼ਿਮਨੀ ਚੋਣ ਹੋਣ ਜਾ ਰਹੀ ਹੈ।
ਚੋਣ ਮੈਦਾਨ 'ਚ ਇਹ ਆਗੂ:ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈਕੇ ਕੁੱਲ 16 ਉਮੀਦਵਾਰ ਚੋਣ ਮੈਦਾਨ 'ਚ ਹਨ। ਇੰਨ੍ਹਾਂ 'ਚ ਪੰਜ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਦੀ ਆਪਸੀ ਟੱਕਰ ਹੋਣ ਦੀ ਸੰਭਾਵਨਾ ਹੈ। ਇਸ 'ਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ , ਕਾਂਗਰਸ ਤੋਂ ਦਲਵੀਰ ਸਿੰਘ ਗੋਲਡੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕਮਲਦੀਪ ਕੌਰ ਰਾਜੋਆਣਾ ਅਤੇ ਭਾਜਪਾ ਤੋਂ ਕੇਵਲ ਸਿੰਘ ਢਿੱਲੋਂ ਚੋਣ ਮੈਦਾਨ 'ਚ ਹਨ।
ਇੰਨ੍ਹਾਂ ਉਮੀਦਵਾਰ ਦਾ ਸਿਆਸੀ ਪਿਛੋਕੜ:
ਗੁਰਮੇਲ ਸਿੰਘ ਘਰਾਚੋਂ ('ਆਪ' ਉਮੀਦਵਾਰ) :ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਗੁਰਮੇਲ ਸਿੰਘ ਘਰਾਚੋਂ ਆਪਣੀ ਪਹਿਲੀ ਚੋਣ ਲੜ ਰਹੇ ਹਨ। ਗੁਰਮੇਲ ਸਿੰਘ ਘਰਾਚੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਪਿੰਡ ਦੇ ਸਰਪੰਚ ਹਨ ਅਤੇ 'ਆਪ' ਦੇ ਜ਼ਿਲ੍ਹਾ ਇੰਚਾਰਜ ਹਨ।
ਸਿਮਰਨਜੀਤ ਸਿੰਘ ਮਾਨ (ਸ਼੍ਰੋ. ਅ. ਦਲ ਅੰਮ੍ਰਿਤਸਰ ਦੇ ਉਮੀਦਵਾਰ) :ਇੰਨ੍ਹਾਂ ਜ਼ਿਮਨੀ ਚੋਣਾਂ 'ਚ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 7ਵੀਂ ਵਾਰ ਸੰਗਰੂਰ ਲੋਕ ਸਭ ਹਲਕੇ ਦੇ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਿਮਰਨਜੀਤ ਸਿੰਘ ਮਾਨ ਨੇ ਸਾਲ 1999 'ਚ ਲੋਕ ਸਭਾ ਚੋਣ ਜਿੱਤੀ ਸੀ, ਜਦੋਂ ਕਿ ਸਾਲ 1996, 1998, 2004, 2009 ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਉਹ ਜਿੱਤ ਹਾਸਲ ਕਰਨ 'ਚ ਸਫ਼ਲ ਨਹੀਂ ਹੋ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 1989 'ਚ ਲੋਕ ਸਭਾ ਹਲਕਾ ਤਰਨਤਾਰਨ ਦੀ ਚੋਣ ਵੀ ਜਿੱਤੀ ਸੀ। ਮਾਨ ਨੇ ਇਸ ਸਾਲ ਅਮਰਗੜ੍ਹ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ, ਪਰ ਉਥੇ ਵੀ ਉਨ੍ਹਾਂ ਨੂੰ 'ਆਪ' ਦੀ ਹਨ੍ਹੇਰੀ ਅੱਗੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦਲਵੀਰ ਸਿੰਘ ਗੋਲਡੀ (ਕਾਂਗਰਸ ਉਮੀਦਵਾਰ) :ਸੰਗਰੂਰ ਜ਼ਿਮਨੀ ਚੋਣਾਂ 'ਚਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਦਲਵੀਰ ਸਿੰਘ ਗੋਲਡੀ ਸਾਲ 2017 'ਚ ਧੂਰੀ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਸਨ ਪਰ ਇਸ ਸਾਲ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਾਰ ਗਏ ਸਨ। ਉਹ ਲੋਕ ਸਭਾ ਲਈ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ।