ਚੰਡੀਗੜ੍ਹ: ਬਲਵੰਤ ਮੁਲਤਾਨੀ ਅਗਵਾਹ ਤੇ ਹਿਰਾਸਤੀ ਤਸ਼ੱਦਦ ਮਾਮਲੇ ਵਿੱਚ ਫਸੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਲਗਾਤਾਰ ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਗਾਇਬ ਚੱਲ ਰਹੇ ਹਨ। ਇਸ ਮਾਮਲੇ ਵਿੱਚ ਸੱਜਰੇ ਘਟਨਾਕ੍ਰਮਾਂ ਦੇ ਅਨੁਸਾਰ ਸਾਬਕਾ ਡੀਜੀਪੀ ਸੈਣੀ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਲਗਾਤਾਰ ਸਰਗਰਮ ਹੈ। ਇਸੇ ਤਹਿਤ ਹੀ ਜਾਂਚ ਟੀਮ ਨੇ ਸੈਣੀ ਦੇ ਸੁਰੱਖਿਆ 'ਚ ਤਾਇਨਾਤ ਅਮਲੇ ਦੇ 42 ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਹੈ।
ਬਲਵੰਤ ਮੁਲਤਾਨੀ ਮਾਮਲਾ: ਸੈਣੀ ਦੇ ਸੁਰੱਖਿਆ ਅਮਲੇ ਤੋਂ ਵਿਸ਼ੇਸ਼ ਜਾਂਚ ਟੀਮ ਨੇ ਕੀਤੀ ਪੁੱਛਗਿੱਛ ਇਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 12 ਅਗਸਤ ਤੋਂ ਲੈ ਕੇ 22 ਅਗਸਤ ਭਾਵ 10 ਦਿਨ ਸੁਮੇਧ ਸੈਣੀ ਆਪਣੇ ਦਿੱਲੀ ਵਾਲੇ ਘਰ ਵਿੱਚ ਸਨ। ਇਸ ਮਗਰੋਂ ਸੈਣੀ ਨੇ ਆਪਣੇ ਸਾਰੇ ਸੁਰੱਖਿਆ ਅਮਲੇ ਨੂੰ ਚੰਡੀਗੜ੍ਹ ਭੇਜ ਦਿੱਤਾ ਤੇ ਖੁਦ ਦਿੱਲੀ ਹੀ ਰੁਕ ਗਏ। ਇਹ ਸਭ ਸੈਣੀ ਨੇ ਉਸ ਵੇਲੇ ਕੀਤਾ ਜਦੋਂ ਸੈਣੀ ਵਿਰੁੱਧ ਇਸੇ ਮਾਮਲੇ ਵਿੱਚ ਪੁਲਿਸ ਨੇ ਭਾਰਤੀ ਦੰਡਵਾਲੀ ਦੀ ਧਾਰਾ 302 ਦਾ ਵਾਧਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸੈਣੀ ਇਸ ਮਾਮਲੇ ਨੂੰ ਲੈ ਕੇ ਕਸੂਤੀ ਸਥਿਤੀ ਵਿੱਚ ਫਸੇ ਹੋਏ ਹਨ। ਸੈਣੀ ਨੂੰ ਮੋਹਾਲੀ ਦੀ ਅਦਾਲਤ ਨੇ ਧਾਰਾ 302 ਦਾ ਵਾਧਾ ਹੋਣ ਤੋਂ ਪਹਿਲਾਂ ਅੰਤਿਰਮ ਜ਼ਮਾਨਤ ਦਿੱਤੀ ਹੋਈ ਸੀ। ਇਸ ਮਗਰੋਂ ਸੈਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਅਗਾਊਂ ਜ਼ਮਾਨਤ ਲਈ ਗਏ ਸਨ, ਜਿੱਥੇ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਇਸ ਮਗਰੋਂ ਸੈਣੀ ਨੇ ਅੰਤਰਿਮ ਰਾਹਤ ਲਈ ਸੁਪਰੀਮ ਕੋਰਟ ਦਾ ਰੁੱਖ ਕੀਤਾ, ਜਿੱਥੇ ਸੈਣੀ ਦੀ ਅਰਜ਼ੀ ਵਿੱਚ ਕਾਗਜ਼ਾਤੀ ਊਣਤਾਈਆਂ ਹੋਣ ਕਾਰਨ ਉਸ ਨੂੰ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ।
ਇਸੇ ਦੌਰਾਨ ਹੀ ਮੋਹਾਲੀ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਆਪਣੇ ਸੱਜਰੇ ਫੈਸਲੇ ਤਹਿਤ ਥਾਣਾ ਮਟੌਰ ਦੇ ਮੁਖੀ ਨੂੰ 25 ਸਤੰਬਰ ਤੱਕ ਸੈਣੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸੈਣੀ ਵੱਡੀ ਮੁਸ਼ਕਲ ਵਿੱਚ ਹਨ। ਜੇਕਰ ਸੈਣੀ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਾ ਮਿਲੀ ਤਾਂ ਸੈਣੀ ਨੂੰ ਹਰ ਹਾਲ ਵਿੱਚ 25 ਸਤੰਬਰ ਤੱਕ ਆਪਣੇ ਆਪ ਨੂੰ ਮੋਹਾਲੀ ਦੀ ਅਦਾਲਤ ਅੱਗੇ ਪੇਸ਼ ਕਰਨਾ ਪਵੇਗਾ। ਫਿਲਹਾਲ ਦੀ ਘੜੀ ਜਾਂਚ ਟੀਮ ਸੈਣੀ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।