ਚੰਡੀਗੜ੍ਹ: ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ਸਿੱਧੇ ਤੌਰ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀਆਂ ਨਿਯੁਕਤੀਆਂ ‘ਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਇੱਕ ਟਵੀਟ ਕਰਕੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਬਾਰੇ ਸੁਆਲੀਆ ਨਿਸ਼ਾਨ ਲਗਾਇਆ ਹੈ।
ਸਹੋਤਾ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ:ਨਵਜੋਤ ਸਿੱਧੂ - Navjot Sidhu
ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ‘ਤੇ ਖੁਲਾਸਾ ਕਰ ਦਿੱਤਾ ਹੈ ਕਿ ਉਹ ਚੰਨੀ ਸਰਕਾਰ ਵੱਲੋਂ ਕੀਤੀਆਂ ਨਿਯੁਕਤੀਆਂ ਤੋਂ ਨਾਖੁਸ਼ ਹਨ। ਉਨ੍ਹਾਂ ਟਵੀਟ ਕਰਕੇ ਇਨ੍ਹਾਂ ਨਿਯੁਕਤੀਆਂ ‘ਤੇ ਸੁਆਲ ਖੜ੍ਹਾ ਕਰਦਿਆਂ ਡੀਜੀਪੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
ਉਨ੍ਹਾਂ ਕਿਹਾ ਸਹੋਤਾ ਬਾਦਲਾਂ ਦੇ ਸਮੇਂ ਬੇਅਦਬੀ ਕੇਸਾਂ ਦੀ ਜਾਂਚ ਟੀਮ ਦੇ ਮੁਖੀ ਸੀ ਪਰ ਉਨ੍ਹਾਂ ਬਾਦਲਾਂ ਨੂੰ ਕਲੀਨ ਚਿੱਟ ਦੇ ਕੇ ਦੋ ਕਥਿਤ ਬੇਕਸੂਰ ਨੌਜਵਾਨਾਂ ਨੂੰ ਇਸ ਮਾਮਲੇ ਵਿੱਚ ਫਸਾ ਦਿੱਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸੀ ਮੰਤਰੀਆਂ ਤੇ ਤੱਤਕਾਲੀ ਪ੍ਰਧਾਨ ਤੋਂ ਇਲਾਵਾ ਮੌਜੂਦਾ ਗ੍ਰਹਿ ਮੰਤਰੀ ਨੂੰ ਨਾਲ ਲੈ ਕੇ ਇਨ੍ਹਾਂ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਵਿੱਚ ਮਦਦ ਕਰਨ ਦਾ ਭਰੋਸਾ ਦਿੱਤਾ ਸੀ।
ਸਿੱਧੂ ਨੇ ਇਹ ਟਵੀਟ ਠੀਕ ਉਸ ਸਮੇਂ ਕੀਤਾ, ਜਦੋਂ ਉਹ ਤਿੰਨ ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਲਈ ਪੰਜਾਬ ਭਵਨ ਜਾਣ ਵਾਲੇ ਸੀ। ਉਨ੍ਹਾਂ ਜਾਣ ਤੋਂ ਪਹਿਲਾਂ ਡੀਜੀਪੀ ਦੀ ਨਿਯੁਕਤੀ ਬਾਰੇ ਇਤਰਾਜ ਜਿਤਾਇਆ। ਜਿਕਰਯੋਗ ਹੈ ਕਿ ਡੀਜੀਪੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਹੀ ਸਿੱਧੂ ਨਾਰਾਜ ਚੱਲ ਰਹੇ ਹਨ ਤੇ ਇਸੇ ਮੁੱਦੇ ‘ਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਸਾਬਕਾ ਪਾਰਟੀ ਪ੍ਰਧਾਨ ਸੁਨੀਲ ਜਾਖ਼ੜ ਨੇ ਕਿਹਾ ਹੈ ਕਿ ਇਨ੍ਹਾਂ ਨਿਯੁਕਤੀਆਂ ‘ਤੇ ਸੁਆਲ ਚੁੱਕਣਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਕਾਰਗੁਜਾਰੀ ‘ਤੇ ਸੁਆਲ ਚੁੱਕਣ ਬਰਾਬਰ ਹੈ।