ਚੰਡੀਗੜ੍ਹ: ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਥੇ ਦੂਜੀਆਂ ਪਾਰਟੀਆਂ ਅਜੇ ਆਪੋ-ਆਪਣੀ ਰਣਨੀਤੀ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ ਤੇ ਜਾਂ ਫੇਰ ਖਾਨਾਜੰਗੀ ਜਾਂ ਗਠਜੋੜ ਦੇ ਜਮ੍ਹਾਂ ਘਟਾਓ ‘ਚ ਲੱਗੀਆਂ ਹੋਈਆਂ ਹਨ, ਉਥੇ ਪਿਛਲੇ ਸਮੇਂ ਤੋਂ ਹਾਸ਼ੀਏ ‘ਤੇ ਚੱਲੀ ਆ ਰਹੇ ਸ਼੍ਰੋਮਣੀ ਅਕਾਲੀ ਦਲ ਕਛੁਆ ਚਾਲ ਨਾਲ ਚੋਣ ਪ੍ਰਚਾਰ ਤੇ ਹੋਰ ਤਿਆਰੀਆਂ ਵਿੱਚ ਅੱਗੇ ਲੰਘਦਾ ਨਜਰ ਆ ਰਿਹਾ ਹੈ।
ਹੁਣ ਤੱਕ 22 ਉਮੀਦਵਾਰਾਂ ਦਾ ਐਲਾਨ
ਪਾਰਟੀ ਪ੍ਰਧਾਨ ਲਗਾਤਾਰ ਉਮੀਦਵਾਰਾਂ ਦਾ ਐਲਾਨ ਕਰ ਰਹੇ ਹਨ ਤੇ ਆਪਣੇ ਹਿੱਸੇ ਦੀਆਂ 97 ਸੀਟਾਂ ‘ਚੋਂ ਹੁਣ ਤੱਕ 22 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ। ਅਜਿਹੇ ਵਿੱਚ ਜਿਥੇ ਹੋਰ ਪਾਰਟੀਆਂ ਅਜੇ ਰਣਨੀਤੀ ਬਣਾ ਰਹੀਆਂ ਹਨ, ਉਥੇ ਸ਼੍ਰੋਮਣੀ ਅਕਾਲੀ ਦਲ 22 ਹਲਕਿਆਂ ਵਿੱਚ ਚੋਣ ਪ੍ਰਚਾਰ ਵਿੱਚ ਜੁਟ ਗਿਆ ਹੈ ਤੇ ਸੁਖਬੀਰ ਬਾਦਲ ਆਪ ਕਈ ਹਲਕਿਆਂ ਵਿੱਚ ਭਰਵੀਆਂ ਮੀਟਿਗਾਂ ਕਰ ਚੁੱਕੇ ਹਨ।
ਇਹ ਹਨ ਅਕਾਲੀ ਚਿਹਰੇ
ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਆਪ ਨੂੰ ਜਲਾਲਾਬਾਦ ਤੋਂ ਉਮੀਦਵਾਰ ਐਲਾਨਿਆ ਸੀ ਤੇ ਉਸ ਉਪਰੰਤ ਪੱਟੀ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਸੀ। ਅੱਜ ਮੰਗਲਵਾਰ ਨੂੰ ਗਿਦੜਬਾਹਾ ਤੋਂ ਡਿੰਪੀ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਤੇ ਇੱਕ ਦਿਨ ਪਹਿਲਾਂ ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਉਮੀਦਵਾਰ ਐਲਾਨਿਆ ਸੀ। ਇਸ ਤੋਂ ਇਲਾਵਾ ਡੇਰਾਬਸੀ ਤੋਂ ਐਨ.ਕੇ.ਸ਼ਰਮਾ, ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ, ਜੀਰਾ ਤੋਂ ਜਨਮੇਜਾ ਸਿੰਘ ਸੇਖੋਂ, ਗੁਰੂ ਹਰ ਸਹਾਇ ਤੋਂ ਵਰਦੇਵ ਸਿੰਘ ਨੋਨੀ ਮਾਨ, ਫਾਜਿਲਕਾ ਤੋਂ ਹੰਸ ਰਾਜ ਜੋਸ਼ਨ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਸੁਜਾਨਪੁਰ ਤੋਂ ਰਾਜ ਕੁਮਾਰ ਗੁਪਤਾ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ, ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਪਟਿਆਲਾ ਸ਼ਹਿਰੀ ਤੋਂ ਹਰਪਾਲ ਜੁਨੇਜਾ, ਜਲੰਧਰ ਕੇਂਦਰੀ ਤੋਂ ਚੰਦਨ ਗਰੇਵਾਲ, ਫਿਰੋਜਪੁਰ ਸਿਟੀ ਤੋਂ ਰੋਹਿਤ ਮੌਂਟੂ ਵੋਹਰਾ, ਬਰਨਾਲਾ ਤੋਂ ਕੁਲਵੰਤ ਸਿੰਘ ਕੀਤੂ, ਜੰਡਿਆਲਾ ਤੋਂ ਮਲਕੀਤ ਸਿੰਘ ਏ.ਆਰ, ਭਦੌੜ ਤੋਂ ਸਤਨਾਮ ਰਾਹੀ, ਅੰਮ੍ਰਿਤਸਰ ਦੱਖਣੀ ਤੋਂ ਤਲਬੀਰ ਸਿੰਘ ਗਿੱਲ ਤੇ ਨਾਭਾ ਤੋਂ ਕਬੀਰ ਦਾਸ ਨੂੰ ਉਮੀਦਵਾਰ ਐਲਾਨਿਆ ਜਾ ਚੁਕਾ ਹੈ।