ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਦੀ ਕਾਂਗਰਸ ਸਰਕਾਰ ਵੱਲੋਂ ਵਰਤੋਂ ਨਾ ਕੀਤੇ ਜਾਣ ਸੱਚ ਕਬੂਲ ਲਿਆ ਹੈ।
ਮੁੱਖ ਮੰਤਰੀ ਵੱਲੋਂ ਇਸ ਮਾਮਲੇ 'ਤੇ ਦਿੱਤੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਹਾਲੇ ਵੀ ਸਟੇਟ ਡਿਜ਼ਾਸਟਰ ਫੰਡ ਦੀ ਵਰਤੋਂ ਦੇ ਵੇਰਵੇ ਛੁਪਾ ਰਹੇ ਹਨ ਕਿਉਂਕਿ ਇਸ ਫੰਡ ਵਿਚ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸੂਬੇ ਕੋਲ ਅਣਵਰਤੀ ਪਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸ ਪੈਸੇ ਦੀ ਵਰਤੋਂ ਹੁਨਰਮੰਦ ਵਰਕਰਾਂ, ਦਿਹਾੜੀਦਾਰਾਂ, ਛੋਟੇ ਵਪਾਰੀਆਂ, ਰਿਕਸ਼ਾ ਚਾਲਕਾਂ, ਟੈਕਸੀ ਚਾਲਕਾਂ ਤੇ ਮਾਲਕਾਂ ਆਦਿ ਸਮੇਤ ਉਹਨਾਂ ਲੱਖਾਂ ਲੋਕਾਂ ਦੀ ਮਦਦ ਵਾਸਤੇ ਕਿਉਂ ਨਹੀਂ ਕੀਤੀ ਗਈ ਜਿਨ੍ਹਾਂ ਨੇ ਲੌਕਡਾਊਨ ਕਾਰਨ ਆਪਣੇ ਰੋਜ਼ਗਾਰ ਗੁਆ ਲਏ ਹਨ ਤੇ ਇਨ੍ਹਾਂ ਕੋਲ ਦੋ ਵਕਤ ਦੀ ਰੋਟੀ ਦੇ ਸਾਧਨ ਵੀ ਨਹੀਂ ਬਚੇ।
ਪਾਰਟੀ ਨੇ 5.20 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜਣ ਵਾਸਤੇ 29.5 ਕਰੋੜ ਰੁਪਏ ਖ਼ਰਚਣ 'ਤੇ ਵੀ ਸਵਾਲ ਉਠਾਏ ਤੇ ਕਿਹਾ ਕਿ ਇਸ ਪ੍ਰੋਗਰਾਮ ਦਾ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕੀਤਾ ਸੀ ਤੇ ਐਲਾਨ ਕੀਤਾ ਸੀ ਕਿ ਇਸ ਵਾਸਤੇ ਖ਼ਰਚਾ ਕਾਂਗਰਸ ਪਾਰਟੀ ਚੁੱਕੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਸਰਕਾਰੀ ਪੈਸਾ ਆਪਣੀ ਪਾਰਟੀ ਦੇ ਪ੍ਰੋਗਰਾਮ ਵਾਸਤੇ ਵਰਤ ਕੇ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਹੈ।