ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਜ ਘੁਟਾਲੇ ਬਾਰੇ ਆਪਣੀ ਚੁੱਪ ਤੋੜਣ ਦੀ ਅਪੀਲ ਕੀਤੀ ਹੈ ਅਤੇ ਮੁੱਖ ਮੰਤਰੀ ਨੂੰ ਪੁਲਿਸ ਨੂੰ ਉਸ ਬੀਜ ਘੁਟਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਨਿਰਦੇਸ਼ ਲਈ ਵੀ ਆਖਿਆ ਹੈ।
ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਚੀਮਾ ਨੇ ਕਿਹਾ ਕਿ ਬੇਸ਼ੱਕ ਇਸ ਸਬੰਧੀ 11 ਮਈ ਨੂੰ ਇੱਕ ਐਫਆਈਆਰ ਦਰਜ ਹੋਈ ਸੀ ਅਤੇ ਝੋਨੇ ਦੇ ਬਰੀਡਰ ਬੀਜਾਂ ਦੀਆਂ ਪੀਆਰ-128 ਅਤੇ ਪੀਆਰ-129 ਵੰਨਗੀਆਂ ਲੁਧਿਆਣਾ ਦੇ ਇੱਕ ਬੀਜ ਸਟੋਰ ਤੋਂ ਜ਼ਬਤ ਕੀਤੀਆਂ ਗਈਆਂ ਸਨ, ਪਰ ਅਜੇ ਤੱਕ ਇਸ ਮਾਮਲੇ ਅੱਗੇ ਕਾਰਵਾਈ ਨਹੀਂ ਹੋਈ ਹੈ।
ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਇਹ ਪਤਾ ਲੱਗਣ ਤੋਂ ਬਾਅਦ ਕਿ ਬਰੀਡਰ ਬੀਜਾਂ ਦਾ ਉਤਪਾਦਕ, ਜਿਸ ਨੇ ਲੁਧਿਆਣਾ ਦੇ ਸਟੋਰ ਨੂੰ ਬੀਜ ਸਪਲਾਈ ਕੀਤੇ ਸਨ, ਉਸ ਨੂੰ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪੁਸ਼ਤਪਨਾਹੀ ਹਾਸਿਲ ਹੈ, ਪੁਲਿਸ ਦੀ ਕਾਰਵਾਈ ਢਿੱਲੀ ਪੈ ਗਈ ਹੈ ਅਤੇ ਇਸ ਨੇ ਇਸ ਕੇਸ ਅਜੇ ਤੱਕ ਕੋਈ ਗਿਰਫ਼ਤਾਰੀ ਨਹੀਂ ਕੀਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਿਉਂਕਿ ਖੇਤੀਬਾੜੀ ਮਹਿਕਮਾ ਮੁੱਖ ਮੰਤਰੀ ਕੋਲ ਹੈ, ਇਸ ਲਈ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰਨ। ਉਨ੍ਹਾਂ ਕਿਹਾ ਕਿ ਇੱਕ ਵੱਡਾ ਘੁਟਾਲਾ ਸਾਹਮਣੇ ਆ ਚੁੱਕਿਆ ਹੈ, ਜਿਸ ਵਿਚ ਝੋਨੇ ਦੇ ਇੱਕ ਬਰੀਡਰ ਬੀਜ ਉਤਪਾਦਕ, ਜੋ ਕਿ ਇੱਕ ਕੈਬਿਨੇਟ ਮੰਤਰੀ ਦਾ ਨਜ਼ਦੀਕੀ ਸਾਥੀ ਹੈ, ਨੇ ਕਿਸਾਨਾਂ ਨੂੰ ਨਕਲੀ ਬੀਜ 200 ਰੁਪਏ ਪ੍ਰਤੀ ਕੁਇੰਟਲ ਵੇਚੇ ਹਨ ਜਦਕਿ ਪੀਏਯੂ ਦੇ ਕ੍ਰਿਸ਼ੀ ਕੇਂਦਰਾਂ ਉੱਤੇ ਇਹ ਬੀਜ 70 ਰੁਪਏ ਪ੍ਰਤੀ ਕਿਲੋ ਵਿਕਦੇ ਹਨ।
ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਇਸ ਸਮੁੱਚੇ ਮਾਮਲੇ ਦੀ ਪੜਤਾਲ ਲਈ ਤੁਰੰਤ ਇੱਕ ਸਮਾਂ-ਬੱਧ ਜਾਂਚ ਦਾ ਹੁਕਮ ਦੇ ਸਕਦੇ ਹਨ। ਇਸ ਤੋਂ ਇਲਾਵਾ ਘੁਟਾਲੇ ਦੀ ਜੜ੍ਹ ਤਕ ਪੁੱਜਣ ਲਈ ਕਿਸੇ ਕੇਂਦਰੀ ਏਜੰਸੀ ਦੁਆਰਾ ਇੱਕ ਸੁਤੰਤਰ ਜਾਂਚ ਕਰਵਾਈ ਜਾ ਸਕਦੀ ਹੈ।