ਚੰਡੀਗੜ੍ਹ:ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ ਨੂੰ ਦਰਸਾਉਂਦੀ ਕਾਫ਼ੀ ਟੇਬਲ ਕਿਤਾਬ ਜਾਰੀ ਕੀਤੀ। ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਇਹ ਕਿਤਾਬ ਅਜਿਹੇ ਸਮੇਂ ਹੋਰ ਵੀ ਅਹਿਮੀਅਤ ਰੱਖਦੀ ਹੈ, ਜਦੋਂ ਅਸੀਂ ਨੌਵੇਂ ਗੁਰੂ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ “ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ” ਸਿਰਲੇਖ ਵਾਲੀ ਇਸ ਕਿਤਾਬ ਵਿੱਚ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਬੇਮਿਸਾਲ ਸ਼ਹਾਦਤ ਤੱਕ ਦੀ ਪਾਵਨ ਯਾਤਰਾ ਨੂੰ ਦ੍ਰਿਸ਼ਮਾਨ ਕੀਤਾ ਗਿਆ ਹੈ।
ਖੇਡ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਧਾਰਮਿਕ ਸਹਿਣਸ਼ੀਲਤਾ ਤੇ ਆਜ਼ਾਦੀ, ਪ੍ਰੇਮ, ਦਿਆ, ਕੁਰਬਾਨੀ ਅਤੇ ਬਹਾਦਰੀ ਦੀਆਂ ਸਿੱਖਿਆਵਾਂ ਸਮਕਾਲੀ ਸਮੇਂ ਵਿੱਚ, ਜਦੋਂ ਫ਼ਿਰਕੂ ਅਤੇ ਵੰਡ ਪਾਊ ਤਾਕਤਾਂ ਸਮਾਜ ਵਿੱਚ ਫੁੱਟ ਪਾਉਣ ਲਈ ਸਰਗਰਮ ਹੋਣ, ਅਜਿਹੇ ਸਮੇਂ ਬਹੁਤ ਅਹਿਮੀਅਤ ਰੱਖਦੀਆਂ ਹਨ।