ਚੰਡੀਗੜ੍ਹ: 2 ਦਿਨਾਂ ਤੋਂ ਤਾਪਮਾਨ ਵੱਧਣ ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਠੰਡੀਆਂ ਹਵਾਵਾਂ ਘੱਟ ਗਈਆਂ ਹਨ। ਠੰਡ ਘੱਟਣ ਦੇ ਬਾਵਜੂਦ ਇਨ੍ਹਾਂ ਸੂਬਿਆਂ ਦੇ ਕਈ ਹਿੱਸਿਆਂ 'ਚ ਸੰਘਣੀ ਧੁੰਦ ਪੈ ਰਹੀ ਹੈ।
ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ 6 ਜਨਵਰੀ ਨੂੰ ਦੋਹਾਂ ਸੂਬਿਆਂ ਦੀਆਂ ਵੱਖ-ਵੱਖ ਥਾਵਾਂ ਉੱਤੇ ਤੇਜ਼ ਮੀਂਹ ਪੈਣ ਤੇ ਗੜੇ ਪੈਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਉਦੋਂ ਤੱਕ ਪਾਰਾ ਵੱਧਦਾ ਰਹੇਗਾ, ਜਿਸ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੇਗੀ।
ਪੰਜਾਬ ਦਾ ਫ਼ਰੀਦਕੋਟ (3.6) ਡਿਗਰੀ ਅਤੇ ਹਰਿਆਣਾ ਦਾ ਹਿਸਾਰ ਜ਼ਿਲ੍ਹਾ (3.8) ਡਿਗਰੀ 'ਤੇ ਸੱਭ ਤੋਂ ਠੰਡਾ ਰਿਹਾ।
ਭਾਰਤੀ ਮੌਸਮ ਵਿਗਿਆਨ ਵਿਭਾਗ ( ਆਈਐਮਡੀ ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ 'ਚ 4.6 ਡਿਗਰੀ ਸੈਲਸੀਅਸ, ਲੁਧਿਆਣਾ 'ਚ 4.5 ਡਿਗਰੀ ਅਤੇ ਪਠਾਨਕੋਟ 'ਚ 3.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।ਹਰਿਆਣਾ ਦੇ ਕਰਨਾਲ ਸ਼ਹਿਰ 'ਚ 6.8 ਡਿਗਰੀ , ਅੰਬਾਲਾ 'ਚ 4.5 ਡਿਗਰੀ ਅਤੇ ਨਾਰਨੌਲ ਵਿਖੇ 5.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
ਹੋਰ ਪੜ੍ਹੋ : 'ਡਰੇ' ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੇ ਸੁਰੱਖਿਆ ਪਰੀਸ਼ਦ ਨੂੰ ਭਾਰਤ ਦੇ ਵਿਰੁੱਧ ਭੇਜੀ ਚਿੱਠੀ
ਚੰਡੀਗੜ੍ਹ 'ਚ ਵੀ ਸ਼ੁੱਕਰਵਾਰ ਦੇ ਮੁਕਾਬਲੇ ਤਾਪਮਾਨ 'ਚ ਵਾਧਾ ਵੇਖਣ ਨੂੰ ਮਿਲਿਆ। ਇਥੇ ਦਾ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਦੋਹਾਂ ਸੂਬਿਆਂ 'ਚ ਤਾਪਮਾਨ ਵੱਧਣ ਦੇ ਬਾਵਜੂਦ ਸੰਘਣੀ ਧੁੰਦ ਛਾਈ ਰਹੀ। ਹਲਾਂਕਿ ਇਥੋਂ ਦਾ ਵੱਧ ਤੋਂ ਵੱਧ ਤਾਪਮਾਨ 19 ਤੋਂ 22 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ ਹੈ।