ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ 16 ਸਾਲਾ ਕੁੜੀ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦਿਆਂ ਸੁਰੱਖਿਆ ਦੀ ਮੰਗ ਕਰਨ ਵਾਲੇ ਇੱਕ 25 ਸਾਲਾ ਨੌਜਵਾਨ ਨੂੰ ਫਟਕਾਰ ਲਗਾਈ। ਹਾਈਕੋਰਟ ਨੇ ਕਿਹਾ ਕਿ ਨੌਜਵਾਨ ਇੱਕ 16 ਸਾਲਾਂ ਕੁੜੀ ਦੇ ਨਾਲ ਲਿਵ ਇਨ 'ਚ ਰਹਿ ਰਿਹਾ ਹੈ। ਨਾਬਾਲਗ਼ ਨਾਲ ਲਿਵ ਇਨ ਰਿਲੇਸ਼ਨਸ਼ਿਪ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਰਿਸ਼ਤੇ ਨੂੰ ਨਾ ਤਾਂ ਨੈਤਿਕ ਤੌਰ 'ਤੇ ਨਾਂਅ ਹੀ ਸਮਾਜਿਕ ਤੌਰ 'ਤੇ ਸਵੀਕਾਰ ਕੀਤਾ ਜਾ ਸਕਦਾ ਹੈ।
ਜਸਟਿਸ ਐਚਐਸ ਮਦਾਨ ਨੇ ਇਹ ਅਪੀਲ ਖਾਰਜ ਕਰਦਿਆਂ ਕਿਹਾ ਕਿ ਜੇ ਦੋਵਾਂ ਨੂੰ ਸੁਰੱਖਿਆ ਦੀ ਲੋੜ ਪਵੇ ਤਾਂ ਉਹ ਜੀਂਦ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੂੰ ਅਰਜੀ ਦੇ ਕੇ ਸੁਰੱਖਿਆ ਦੀ ਮੰਗ ਕਰ ਸਕਦੇ ਹਨ। ਜਸਟਿਸ ਮਦਾਨ ਨੇ ਕਿਹਾ ਕਿ ਦੋਹਾਂ ਦਾ ਇਰਾਦਾ ਇਹ ਹੈ ਕਿ ਹਾਈਕੋਰਟ ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਮਾਨਤਾ ਦੇਵੇ, ਪਰ ਹਾਈਕੋਰਟ ਇਸ ਕਿਸਮ ਦੇ ਕਿਸੇ ਨਬਾਲਗ ਨਾਲ ਲਿਵ ਇਨ ਰਿਲੇਸ਼ਨਸ਼ਿਪ ਨੂੰ ਮਾਨਤਾ ਨਹੀਂ ਦੇ ਸਕਦਾ। ਇਸ ਅਧਾਰ 'ਤੇ ਹਾਈਕੋਰਟ ਨੇ ਸੁਰੱਖਿਆ ਸਬੰਧੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।