ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਨੂੰ ਜਿੱਥੇ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ, ਉੱਥੇ ਹੀ ਹੁਣ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਪੰਜਾਬ ਡਿਪਟੀ ਸੀਐੱਮ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਰਾਵਤ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਦੋ ਡਿਪਟੀ ਸੀਐੱਮ ਵੀ ਲਗਾਏ ਜਾਣ। ਇਸ ਦੇ ਨਾਲ ਹੀ ਰਾਵਤ ਨੇ ਕਿਹਾ ਹੈ ਕਿ ਜਲਦ ਹੀ ਪਾਰਟੀ ਦੇ ਵੱਲੋਂ ਮੰਤਰੀਆਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ ਨੂੰ ਲੈਕੇ ਅੱਜ ਦਾ ਦਿਨ ਕਾਫੀ ਅਹਿਮ ਸੀ। ਮੁੱਖ ਮੰਤਰੀ ਦੇ ਨਾਮ ਨੂੰ ਲੈਕੇ ਸਾਰਾ ਦਿਨ ਸਿਆਸੀ ਸਮੀਕਰਨ ਬਦਲਦੇ ਰਹੇ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਦੌੜ ਵਿੱਚ ਸੁਨੀਲ ਜਾਖੜ, ਫਿਰ ਅੰਬਿਕਾ ਸੋਨੀ ਅਤੇ ਇਸ ਤੋਂ ਬਾਅਦ ਸ਼ਾਮ ਤੱਕ ਸੁਖਜਿੰਦਰ ਰੰਧਾਵਾ ਦਾ ਨਾਮ ਮੀਡੀਆ ਦੇ ਵਿੱਚ ਜ਼ੋਰ-ਸ਼ੋਰ ਨਾਲ ਗੂੰਜਿਆ।
ਇੱਕ ਤਰ੍ਹਾਂ ਦਾ ਰੰਧਾਵਾ ਦੇ ਨਾਮ ਦਾ ਐਲਾਨ ਕਰ ਵੀ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਨਾਮ ਐਲਾਨਣ ਤੋਂ ਬਾਅਦ ਰੰਧਾਵਾ ਦੀ ਰਿਹਾਇਸ਼ ਉੱਪਰ ਕਾਫੀ ਭੀੜ ਹੋਣ ਲੱਗ ਗਈ ਸੀ ਤੇ ਵੱਡੀ ਗਿਣਤੀ ਦੇ ਵਿੱਚ ਵਿਧਾਇਕ ਉਨ੍ਹਾਂ ਨੂੰ ਵਧਾਈ ਦੇ ਵੀ ਪਹੁੰਚਣੇ ਸ਼ੁਰੂ ਹੋ ਗਏ ਸਨ।