ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾਂ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਇੱਕ-ਇੱਕ ਵਿਧਾਇਕ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਬਾਕੀ ਵਿਧਾਇਕਾਂ ਨੂੰ ਵੀ ਇਕਾਂਤਵਾਸ ਕਰਨ ਦਾ ਮਾਮਲਾ ਭੱਖ ਚੁੱਕਿਆ ਹੈ।
ਵਿਰੋਧੀ ਧਿਰ ਵੱਲੋਂ ਇਜਲਾਸ ਨੂੰ ਲੈ ਕੇ ਲਾਏ ਜਾ ਰਹੇ ਇਲਜ਼ਾਮਾਂ ਦਾ ਰਾਣਾ ਕੇਪੀ ਨੇ ਦਿੱਤਾ ਠੋਕਵਾਂ ਜਵਾਬ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਉੱਤੇ ਇਲਜ਼ਾਮ ਲਗਾਉਣਾ ਬੇਹੱਦ ਅਫ਼ਸੋਸ ਵਾਲੀ ਗੱਲ ਹੈ, ਕਿਉਂਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਰਿਪੋਰਟ ਵੀ ਪੌਜ਼ੀਟਿਵ ਆ ਰਹੀ ਹੈ।
ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਇਜਲਾਸ ਦਾ ਹਿੱਸਾ ਬਣੇ। ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅਮਨ ਅਰੋੜਾ ਨੂੰ ਜਵਾਬ ਦਿੰਦਿਆਂ ਕਿਹਾ ਕੀ ਵਿਧਾਨ ਸਭਾ ਉੱਤੇ ਇਲਜ਼ਾਮ ਲਗਾਉਣਾ ਬੇਹੱਦ ਅਫ਼ਸੋਸ ਵਾਲੀ ਗੱਲ ਹੈ, ਕਿਉਂਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਰਿਪੋਰਟ ਵੀ ਪੌਜ਼ੀਟਿਵ ਆ ਰਹੀ ਹੈ। ਰਾਣਾ ਕੇਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਣੇ ਦਰਜਨ ਤੋਂ ਵੱਧ ਮੰਤਰੀ ਅਤੇ ਵਿਧਾਇਕ ਕੋਰੋਨਾ ਪੌਜ਼ੀਟਿਵ ਹੋ ਚੁੱਕੇ ਹਨ ਅਤੇ ਵਿਧਾਨ ਸਭਾ ਦੇ ਕਈ ਅਫ਼ਸਰ ਵੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ।
ਸਪੀਕਰ ਨੇ ਇਹ ਵੀ ਕਿਹਾ ਕਿ ਕੈਬਿਨੇਟ ਦੀ ਬੈਠਕ ਵਿੱਚ ਵਿਧਾਨ ਸਭਾ ਸੈਸ਼ਨ ਨੂੰ ਚਲਾਉਣ ਸਬੰਧੀ ਹਰ ਮਿੰਟ ਦੀ ਰਿਪੋਰਟ ਉਨ੍ਹਾਂ ਕੋਲ ਆ ਚੁੱਕੀ ਹੈ ਤੇ ਸਰਕਾਰ ਨੇ ਸਿਫਾਰਸ਼ ਕੀਤੀ ਹੈ ਕਿ ਜਦੋਂ ਵੀ ਹਾਲਾਤ ਠੀਕ ਹੋਣ ਤਾਂ ਉਦੋਂ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ ਜਾਵੇ। ਇਸ ਦੌਰਾਨ ਸਪੀਕਰ ਨੇ ਵਿਰੋਧੀਆਂ ਨੂੰ ਨਸੀਹਤ ਦਿੰਦਿਆਂ ਇਹ ਵੀ ਕਿਹਾ ਕਿ ਆਪਣੇ ਵਿਧਾਇਕ ਸਾਥੀਆਂ ਤੇ ਅਫ਼ਸਰਾਂ ਮੁਲਾਜ਼ਮਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਸੈਸ਼ਨ ਵਧਾਉਣ ਦੀ ਮੰਗ ਨਾ ਕਰਨ।